Pages

Pages

ਟਿੱਬਾ ਰੋਡ ‘ਤੇ ਚਾਦਰ ‘ਚ ਮਿਲੀ ਲਾਸ਼ ਕੇਸ ਦੀ ਗੁੱਥੀ ਸੁਲਝੀ: ਨਸ਼ੇ ‘ਚ ਹੋਈ ਤੂੰ-ਤੂੰ ਮੈਂ-ਮੈਂ ਬਣੀ ਕਤਲ ਦੀ ਵਜ੍ਹਾ, ਦੋਸਤ ਹੀ ਨਿਕਲਿਆ ਕਾਤਲ।

ਜਲੰਧਰ/ਲੁਧਿਆਣਾ, 10 ਅਗਸਤ : Prime Punjab 

ਲੁਧਿਆਣਾ – ਟਿੱਬਾ ਰੋਡ ਦੇ ਨਿਊ ਸ਼ਕਤੀ ਨਗਰ ‘ਚ ਸੜਕ ਕਿਨਾਰੇ ਚਾਦਰ ‘ਚ ਲਪੇਟੀ ਮਿਲੀ 24 ਸਾਲਾ ਨੌਜਵਾਨ ਦੀ ਲਾਸ਼ ਦੇ ਮਾਮਲੇ ਨੂੰ ਥਾਣਾ ਟਿੱਬਾ ਪੁਲਿਸ ਨੇ 4 ਦਿਨਾਂ ਦੇ ਅੰਦਰ ਸੁਲਝਾ ਲਿਆ ਹੈ। ਪੁਲਿਸ ਨੇ ਕਤਲ ਦੇ ਦੋਸ਼ ‘ਚ ਇਲਾਕੇ ਦੇ ਹੀ ਰਹਿਣ ਵਾਲੇ ਹਰਸ਼ ਕੁਮਾਰ (24) ਨੂੰ ਗ੍ਰਿਫਤਾਰ ਕਰ ਲਿਆ ਹੈ।

 

ACP ਇੰਡਸਟਰੀਅਲ ਏਰੀਆ ਇੰਦਰਜੀਤ ਸਿੰਘ ਬੋਪਾਰਾਏ ਮੁਤਾਬਕ ਮੁਲਜ਼ਮ ਨਸ਼ੇ ਦਾ ਆਦੀ ਹੈ। ਪੁੱਛਗਿੱਛ ‘ਚ ਹਰਸ਼ ਨੇ ਦੱਸਿਆ ਕਿ ਉਸਦੀ ਮੁਲਾਕਾਤ ਮ੍ਰਿਤਕ ਨਾਲ ਤਿੰਨ ਦਿਨ ਪਹਿਲਾਂ ਹੀ ਹੋਈ ਸੀ। 5 ਅਗਸਤ ਨੂੰ ਦੋਵੇਂ ਇਕੱਠੇ ਨਸ਼ਾ ਕਰ ਰਹੇ ਸਨ। ਨਸ਼ੇ ਦੀ ਹਾਲਤ ‘ਚ ਕਿਸੇ ਮਾਮੂਲੀ ਗੱਲ ‘ਤੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਹਰਸ਼ ਨੇ ਗੁੱਸੇ ‘ਚ ਆ ਕੇ ਇੱਟਾਂ ਨਾਲ ਵਾਰ ਕਰਕੇ ਨੌਜਵਾਨ ਦੀ ਜਾਨ ਲੈ ਲਈ।

 

ਕਤਲ ਤੋਂ ਬਾਅਦ ਸਬੂਤ ਮਿਟਾਉਣ ਲਈ ਮੁਲਜ਼ਮ ਨੇ ਲਾਸ਼ ਨੂੰ ਚਾਦਰ ‘ਚ ਬੰਨ੍ਹਿਆ ਅਤੇ ਮੋਢੇ ‘ਤੇ ਚੁੱਕ ਕੇ ਬੁੱਢੇ ਨਾਲੇ ‘ਚ ਸੁੱਟਣ ਲਈ ਨਿਕਲਿਆ। ਕਰੀਬ 1 ਕਿਲੋਮੀਟਰ ਤੁਰਨ ਤੋਂ ਬਾਅਦ ਨਿਊ ਸ਼ਕਤੀ ਨਗਰ ਦੀ ਗਲੀ ‘ਚ ਨਸ਼ੇ ਅਤੇ ਥਕਾਵਟ ਕਾਰਨ ਲਾਸ਼ ਉਸਦੇ ਮੋਢੇ ਤੋਂ ਡਿੱਗ ਗਈ। ਡਰ ਦੇ ਮਾਰੇ ਉਹ ਲਾਸ਼ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ। ਅਗਲੇ ਦਿਨ ਸਥਾਨਕ ਲੋਕਾਂ ਨੇ ਲਾਸ਼ ਦੇਖ ਕੇ ਪੁਲਿਸ ਨੂੰ ਖ਼ਬਰ ਕੀਤੀ ਸੀ।

 

ਪੁਲਿਸ ਨੇ ਇਲਾਕੇ ਦੇ CCTV ਕੈਮਰੇ ਚੈੱਕ ਕਰਕੇ ਮੁਲਜ਼ਮ ਤੱਕ ਪਹੁੰਚ ਕੀਤੀ। ਮੁਲਜ਼ਮ ਨੇ ਦੱਸਿਆ ਕਿ ਮ੍ਰਿਤਕ ਨੇ ਆਪਣਾ ਨਾਂ ‘ਰਿਤਿਕ’ ਦੱਸਿਆ ਸੀ, ਪਰ ਉਸਦੇ ਪਰਿਵਾਰ ਬਾਰੇ ਉਸਨੂੰ ਕੋਈ ਜਾਣਕਾਰੀ ਨਹੀਂ। ਪੁਲਿਸ ਹੁਣ ਮ੍ਰਿਤਕ ਦੀ ਅਸਲ ਪਛਾਣ ਅਤੇ ਪਰਿਵਾਰ ਦਾ ਪਤਾ ਲਗਾਉਣ ‘ਚ ਜੁਟੀ ਹੈ। ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਇਕੱਲਾ ਰਹਿੰਦਾ ਹੈ।