Pages

Pages

ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸਮਾਨਤਾ ਤੇ ਨਿਆਂ ਦਾ ਸਦੀਵੀ ਸੰਦੇਸ਼: ਹਰਪਾਲ ਸਿੰਘ ਚੀਮਾ, ਫਰੀਦਪੁਰਾ ਨੌਗਜ਼ਾ ਵਿਖੇ ਬਣੇਗਾ 25 ਕਰੋੜ ਦਾ ਅਧਿਐਨ ਕੇਂਦਰ।

ਜਲੰਧਰ, 11 ਅਗਸਤ : Prime Punjab 

ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਨੇ ਅੱਜ ਐਮਿਟੀ ਯੂਨੀਵਰਸਿਟੀ, ਮੋਹਾਲੀ ਵਿਖੇ ‘ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਅਤੇ ਸਮਾਜਿਕ ਬਰਾਬਰੀ’ ਵਿਸ਼ੇ ’ਤੇ ਕਰਵਾਏ ਰਾਜ ਪੱਧਰੀ ਸੈਮੀਨਾਰ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਪਵਿੱਤਰ ਬਾਣੀ ਸਮਾਨਤਾ, ਮਨੁੱਖੀ ਸਨਮਾਨ, ਸਮਾਜਿਕ ਨਿਆਂ ਅਤੇ ਭਾਈਚਾਰਕ ਸਾਂਝ ਦਾ ਸਦੀਵੀ ਸੰਦੇਸ਼ ਦਿੰਦੀ ਹੈ ਜੋ ਅੱਜ ਵੀ ਬੇਹੱਦ ਪ੍ਰਸੰਗਿਕ ਹੈ।

ਸ੍ਰੀ ਚੀਮਾ ਨੇ ਕਿਹਾ ਕਿ ਆਜ਼ਾਦੀ, ਸਮਾਨਤਾ ਅਤੇ ਗੈਰ-ਵਿਤਕਰੇ ਵਰਗੇ ਸਿਧਾਂਤ ਜਿਨ੍ਹਾਂ ਨੂੰ ਪੱਛਮੀ ਦੇਸ਼ਾਂ ਨੇ 19ਵੀਂ ਸਦੀ ’ਚ ਅਪਣਾਇਆ, ਉਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਵਿੱਚ 650 ਸਾਲ ਪਹਿਲਾਂ ਹੀ ਮੌਜੂਦ ਸਨ। ਉਨ੍ਹਾਂ ਅੱਜ ਦੇ ਸਮੇਂ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਸੱਤਾ ਵਿੱਚ ਬੈਠੀਆਂ ਕੁਝ ਸਿਆਸੀ ਤਾਕਤਾਂ ਵੱਲੋਂ ਬੋਲਣ ਦੀ ਆਜ਼ਾਦੀ ਨੂੰ ਸੀਮਤ ਕਰਨਾ ਗੁਰੂ ਜੀ ਦੇ ਸਮਾਨਤਾ ਅਤੇ ਮਨੁੱਖੀ ਸਨਮਾਨ ਦੇ ਸੰਦੇਸ਼ ਦੇ ਉਲਟ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਡੇਰਾ ਬੱਲਾਂ ਦੇ ਫਰੀਦਪੁਰਾ ਨੌਗਜ਼ਾ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ-ਆਫ-ਦ-ਆਰਟ ‘ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ’ ਸਥਾਪਿਤ ਕੀਤਾ ਜਾਵੇਗਾ। ਜ਼ਮੀਨ ਦੀ ਖਰੀਦ ’ਤੇ ਪਹਿਲਾਂ ਹੀ 11 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਹ ਕੇਂਦਰ ਗੁਰੂ ਜੀ ਦੀਆਂ ਸਿੱਖਿਆਵਾਂ ਦੀ ਖੋਜ ਅਤੇ ਪ੍ਰਸਾਰ ਲਈ ਅਹਿਮ ਭੂਮਿਕਾ ਨਿਭਾਏਗਾ।

 

ਸੈਮੀਨਾਰ ਵਿੱਚ GNDU ਅੰਮ੍ਰਿਤਸਰ ਦੇ ਪ੍ਰੋ. ਮਨਜਿੰਦਰ ਸਿੰਘ ਅਤੇ ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਜੀ ਖੁਰਾਲਗੜ੍ਹ ਦੇ ਸੰਤ ਕੇਵਲ ਸਿੰਘ ਜੀ ਸਮੇਤ ਹੋਰ ਪ੍ਰਮੁੱਖ ਬੁਲਾਰਿਆਂ ਨੇ ਗੁਰੂ ਜੀ ਦੀ ਵਿਚਾਰਧਾਰਾ ਦੀ ਆਧੁਨਿਕ ਸਮਾਜ ਵਿੱਚ ਪ੍ਰਸੰਗਿਕਤਾ ਬਾਰੇ ਵਿਚਾਰ ਰੱਖੇ। ਇਸ ਮੌਕੇ ਐਮਿਟੀ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਡਾ. ਪੁਨੀਤ ਸ਼ਰਮਾ, ਰਜਿਸਟਰਾਰ ਡਾ. ਦਲੀਪ ਕੁਮਾਰ, SDM ਮੋਹਾਲੀ ਸ੍ਰੀਮਤੀ ਦਮਨਦੀਪ ਕੌਰ ਅਤੇ ਉੱਚ ਸਿੱਖਿਆ ਵਿਭਾਗ ਦੇ ਡਾ. ਮਨੀਸ਼ ਸ਼ਰਮਾ ਵੀ ਹਾਜ਼ਰ ਸਨ।