ਲੁਧਿਆਣਾ, 14 ਅਗਸਤ : Prime Punjab
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਦੇ ਹੈਬੋਵਾਲ ਵਿਖੇ 65 ਕਰੋੜ ਰੁਪਏ ਦੀ ਲਾਗਤ ਵਾਲੇ ਕੰਪ੍ਰੈਸਡ ਬਾਇਓ-ਗੈਸ (ਸੀਬੀਜੀ) ਪਲਾਂਟ ਦਾ ਨੀਂਹ ਪੱਥਰ ਰੱਖਿਆ। 2.5 ਏਕੜ ‘ਚ ਬਣਨ ਵਾਲਾ ਇਹ ਪਲਾਂਟ ਸਤੰਬਰ 2027 ਤੱਕ ਕਾਰਜਸ਼ੀਲ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਬੁੱਢੇ ਨਾਲੇ ‘ਚ ਗੋਬਰ-ਕੂੜਾ ਜਾਣ ‘ਤੇ ਰੋਕ ਲੱਗੇਗੀ, ਸੀਵਰੇਜ ਜਾਮ ਦੀ ਸਮੱਸਿਆ ਹੱਲ ਹੋਵੇਗੀ ਅਤੇ ਪਾਣੀ ਦੀ ਗੁਣਵੱਤਾ ‘ਚ ਸੁਧਾਰ ਹੋਵੇਗਾ।
‘ਵੇਸਟ-ਟੂ-ਵੈਲਥ’ ਮਿਸ਼ਨ ਤਹਿਤ ਹੈਬੋਵਾਲ ਡੇਅਰੀ ਕੰਪਲੈਕਸ ਦਾ ਰੋਜ਼ਾਨਾ 300 ਟਨ ਪਸ਼ੂਆਂ ਦਾ ਗੋਬਰ ਵਿਗਿਆਨਕ ਢੰਗ ਨਾਲ ਪ੍ਰੋਸੈਸ ਕੀਤਾ ਜਾਵੇਗਾ। ਇਸ ਨਾਲ ਇਲਾਕੇ ਦੇ 435 ਡੇਅਰੀ ਮਾਲਕਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਆਮਦਨ ਦੇ ਨਵੇਂ ਸਰੋਤ ਪੈਦਾ ਹੋਣਗੇ। ਪਲਾਂਟ ਰੋਜ਼ਾਨਾ ਕਰੀਬ 5 ਟਨ ਸੀਬੀਜੀ ਅਤੇ ਜੈਵਿਕ ਬਾਇਓ-ਖਾਦ ਵੀ ਬਣਾਏਗਾ, ਜਿਸ ਨਾਲ ਰਸਾਇਣਕ ਖਾਦਾਂ ‘ਤੇ ਨਿਰਭਰਤਾ ਘਟੇਗੀ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਬੁੱਢੇ ਨਾਲੇ ਦੇ ਪੁਨਰ ਸੁਰਜੀਤੀ ਪ੍ਰੋਗਰਾਮ ਦਾ ਇਤਿਹਾਸਕ ਮੀਲ ਪੱਥਰ ਹੈ। ਇਸ ਨਾਲ ਡੇਅਰੀ ਕੰਪਲੈਕਸ ‘ਚ ਸਫਾਈ ਸੁਧਰੇਗੀ, ਪ੍ਰਦੂਸ਼ਣ ਘਟੇਗਾ ਅਤੇ ਨੌਜਵਾਨਾਂ ਲਈ ਸਿੱਧੇ-ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਐਲਾਨ ਕੀਤਾ ਕਿ ਸਾਫ਼-ਸੁਥਰੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਭਰ ‘ਚ ਅਜਿਹੇ ਹੋਰ ਸੀਬੀਜੀ ਪਲਾਂਟ ਲਗਾਏ ਜਾਣਗੇ।
ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ 14,000 ਕਿਲੋਮੀਟਰ ਨਹਿਰੀ ਪਾਈਪਾਂ ਵਿਛਾ ਕੇ ਸਿੰਚਾਈ ਲਈ ਨਹਿਰੀ ਪਾਣੀ 22% ਤੋਂ ਵਧਾ ਕੇ 88% ਤੋਂ ਵੱਧ ਕੀਤਾ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਅਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 72.13 ਲੱਖ ਔਰਤਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ 2027 ‘ਚ ਦੁਬਾਰਾ ਸਰਕਾਰ ਬਣਾਏਗੀ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਦੀਪ ਸਿੰਘ ਮੁੰਡੀਆਂ ਅਤੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਹਾਜ਼ਰ ਸਨ।





More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।