ਪੰਜਾਬ, 02 ਸਤੰਬਰ : Prime Punjab
ਪੰਜਾਬ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦੇ ਹੋਏ ਦੇਸ਼ ‘ਚ ਇਤਿਹਾਸ ਰਚ ਦਿੱਤਾ ਹੈ। ਪੰਜਾਬ ਅਣਪਛਾਤੀਆਂ ਅਤੇ ਲਾਵਾਰਿਸ ਲਾਸ਼ਾਂ ਦੀ ਡਿਜੀਟਲ ਸ਼ਨਾਖਤ ਲਈ ਸੂਬਾ ਪੱਧਰੀ ਪੋਰਟਲ ‘ਪਹਿਚਾਣ’ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਚੰਡੀਗੜ੍ਹ ‘ਚ ਇਸ ਪੋਰਟਲ ਨੂੰ ਰਸਮੀ ਤੌਰ ‘ਤੇ ਲਾਂਚ ਕੀਤਾ।
ਇਸ ਪਹਿਲਕਦਮੀ ਤਹਿਤ ਸੂਬੇ ਦੇ ਕਿਸੇ ਵੀ ਸਰਕਾਰੀ ਮੁਰਦਾਘਰ ‘ਚ ਆਉਣ ਵਾਲੀ ਹਰ ਅਣਪਛਾਤੀ ਲਾਸ਼ ਦੀ ਪੋਸਟਮਾਰਟਮ ਤੋਂ 48 ਘੰਟੇ ਦੇ ਅੰਦਰ ਫੋਟੋ, ਟੈਟੂ, ਜਨਮ ਨਿਸ਼ਾਨ ਜਾਂ ਸਰੀਰਕ ਹੁਲੀਆ ਪੋਰਟਲ ‘ਤੇ ਅਪਲੋਡ ਕੀਤਾ ਜਾਵੇਗਾ। ਦੇਸ਼-ਵਿਦੇਸ਼ ‘ਚ ਬੈਠਾ ਕੋਈ ਵੀ ਪਰਿਵਾਰ ਬਿਨਾਂ ਕੋਈ ਫੀਸ ਦਿੱਤੇ ਸਿਹਤ ਵਿਭਾਗ ਦੀ ਵੈੱਬਸਾਈਟ ‘ਤੇ ਜਾ ਕੇ ਆਪਣੇ ਗੁੰਮਸ਼ੁਦਾ ਵਿਅਕਤੀ ਦੀ ਭਾਲ ਕਰ ਸਕੇਗਾ ਅਤੇ ਆਨਲਾਈਨ ਦਾਅਵਾ ਕਰ ਸਕੇਗਾ। ਦਾਅਵਾ ਕਰਦੇ ਹੀ ਸਬੰਧਤ ਜਾਂਚ ਅਧਿਕਾਰੀ ਨੂੰ ਆਟੋਮੈਟਿਕ ਸੂਚਨਾ ਚਲੀ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ, “ਸਿਰਫ਼ ਪੰਜਾਬ ‘ਚ ਹੀ ਹਰ ਸਾਲ 5,000 ਤੋਂ 6,000 ਵਿਅਕਤੀ ਲਾਵਾਰਿਸ ਹਾਲਤ ‘ਚ ਦਮ ਤੋੜ ਦਿੰਦੇ ਹਨ। ਉਹ ਕਿਸੇ ਦੇ ਪੁੱਤਰ, ਧੀ ਜਾਂ ਪਿਤਾ ਹੋ ਸਕਦੇ ਹਨ। ਜਿਉਂਦੇ ਵਿਅਕਤੀਆਂ ਦੀ ਸਿਹਤ ਸੰਭਾਲ ਵਾਂਗ ਮ੍ਰਿਤਕਾਂ ਦਾ ਸਨਮਾਨ ਵੀ ਸਾਡੀ ਜ਼ਿੰਮੇਵਾਰੀ ਹੈ।” ਇਹ ਪੋਰਟਲ NIC ਵੱਲੋਂ ਬਣਾਏ ‘ਮੈਡਲੀਪਰ’ ਸਾਫਟਵੇਅਰ ‘ਤੇ ਆਧਾਰਿਤ ਹੈ, ਜਿਸ ‘ਤੇ ਪੰਜਾਬ ਦੇ 23 ਜ਼ਿਲ੍ਹਿਆਂ ਦੇ 346 ਹਸਪਤਾਲਾਂ ‘ਚ 12 ਲੱਖ ਤੋਂ ਵੱਧ ਕੇਸ ਦਰਜ ਹਨ।
ਇਹ ਪੋਰਟਲ CCTNS (ਕ੍ਰਾਈਮ ਟਰੈਕਿੰਗ ਨੈੱਟਵਰਕ) ਨਾਲ ਜੁੜਿਆ ਹੋਵੇਗਾ ਤਾਂ ਜੋ ਗੁੰਮਸ਼ੁਦਾ ਵਿਅਕਤੀਆਂ ਦਾ ਰਿਕਾਰਡ ਆਟੋਮੈਟਿਕ ਮੈਚ ਹੋ ਸਕੇ। ਇਹ ਪੂਰੀ ਤਰ੍ਹਾਂ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਦੀ ਪਾਲਣਾ ਕਰਦਾ ਹੈ। ਇਸ ਮਾਡਲ ਨੂੰ ਦੇਸ਼ ਦੇ 30 ਰਾਜ ਪਹਿਲਾਂ ਹੀ ਅਪਣਾ ਰਹੇ ਹਨ। ਪਰਿਵਾਰਾਂ ਨੂੰ ਹੁਣ ਮੁਰਦਾਘਰਾਂ ਅਤੇ ਥਾਣਿਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।