Pages

Pages

ਜਲੰਧਰ ‘ਚ ਵੱਡੀ ਲੁੱਟ – ਭਾਟੀਆ ਇਲੈਕਟ੍ਰਾਨਿਕਸ ਦੇ ਮਾਲਕ ਤੋਂ 10 ਲੱਖ ਰੁਪਏ ਲੁੱਟੇ, ਟਾਇਰ ਪੰਕਚਰ ਦਾ ਬਹਾਨਾ ਬਣਾ ਕੇ ਵਾਰਦਾਤ।

ਜਲੰਧਰ, 02 ਸਤੰਬਰ : Prime Punjab 

ਮਹਾਨਗਰ ਜਲੰਧਰ ‘ਚ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਅੱਡਾ ਹੁਸ਼ਿਆਰਪੁਰ ਦੇ ਮਸ਼ਹੂਰ ਭਾਟੀਆ ਇਲੈਕਟ੍ਰਾਨਿਕਸ ਦੇ ਮਾਲਕ ਤੋਂ 10 ਲੱਖ ਰੁਪਏ ਦੀ ਲੁੱਟ ਹੋਈ ਹੈ। ਇਹ ਵਾਰਦਾਤ ਕੇਸਰ ਪੈਟਰੋਲ ਪੰਪ ਦੇ ਕੋਲ ਹੋਈ ਹੈ। ਪੀੜਤ ਦੀ ਪਛਾਣ ਸ਼ਰਨ ਪਾਲ ਸਿੰਘ ਵਜੋਂ ਹੋਈ ਹੈ।

 

ਭਾਟੀਆ ਇਲੈਕਟ੍ਰਾਨਿਕਸ ਦੇ ਗੁਨੀਤ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਸ਼ਰਨ ਪਾਲ ਸਿੰਘ ਅੱਜ ਰਾਤ ਦੁਕਾਨ ਤੋਂ ਘਰ ਜਾ ਰਹੇ ਸਨ। ਜਦੋਂ ਉਹ PNB ਚੌਕ ਰੈੱਡ ਲਾਈਟ ‘ਤੇ ਖੜੇ ਸਨ ਤਾਂ ਉਨ੍ਹਾਂ ਦੀ ਗੱਡੀ ਦੀ ਹਵਾ ਨਿਕਲ ਗਈ। ਉਹ ਪੰਕਚਰ ਲਗਵਾਉਣ ਲਈ ਕੇਸਰ ਪੈਟਰੋਲ ਪੰਪ ‘ਤੇ ਰੁਕੇ। ਪੰਕਚਰ ਵਾਲੇ ਨੇ ਦੱਸਿਆ ਕਿ ਗੱਡੀ ਦੇ ਟਾਇਰ ਦਾ ਪੂਰਾ ਪ੍ਰੈਸ਼ਰ ਖਤਮ ਹੋ ਚੁੱਕਾ ਹੈ।

 

ਜਿਵੇਂ ਹੀ ਸ਼ਰਨ ਪਾਲ ਸਿੰਘ ਡਰਾਈਵਿੰਗ ਸੀਟ ਤੋਂ ਉਤਰ ਕੇ ਟਾਇਰ ਦੇਖਣ ਲਈ ਪਿੱਛੇ ਆਏ, ਤਾਂ ਇਸੇ ਦੌਰਾਨ ਇੱਕ ਨੌਜਵਾਨ ਉਨ੍ਹਾਂ ਦੀ ਗੱਡੀ ਦੀ ਸੀਟ ‘ਤੇ ਪਿਆ ਬੈਗ ਲੁੱਟ ਕੇ ਫਰਾਰ ਹੋ ਗਿਆ। ਗੁਨੀਤ ਪਾਲ ਸਿੰਘ ਅਨੁਸਾਰ ਬੈਗ ‘ਚ 10 ਲੱਖ ਰੁਪਏ ਨਕਦ ਸਨ। ਵਾਰਦਾਤ ਤੋਂ ਤੁਰੰਤ ਬਾਅਦ ਕੇਸਰ ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਸ਼ਰਨ ਪਾਲ ਸਿੰਘ ਦੀ ਮਦਦ ਕੀਤੀ।

 

ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਕੇਸਰ ਪੈਟਰੋਲ ਪੰਪ ਮਾਲਕਾਂ ਵੱਲੋਂ ਵਾਰਦਾਤ ਦੀ CCTV ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਫੁਟੇਜ ਦੇ ਆਧਾਰ ‘ਤੇ ਲੁਟੇਰੇ ਦੀ ਭਾਲ ਕਰ ਰਹੀ ਹੈ।