Pages

Pages

ਜਲੰਧਰ ‘ਚ ਕੇਸਰ ਪੈਟਰੋਲ ਪੰਪ ‘ਤੇ 10 ਲੱਖ ਦੀ ਲੁੱਟ – ADCP ਸਿਟੀ-1 ਮੁਖਤਿਆਰ ਰਾਏ ਨੇ ਦਿੱਤੀ ਜਾਣਕਾਰੀ, CCTV ਖੰਗਾਲ ਰਹੀ ਪੁਲਿਸ।

ਜਲੰਧਰ, 02 ਸਤੰਬਰ : Prime Punjab 

ਜਲੰਧਰ ਕਮਿਸ਼ਨਰੇਟ ਦੇ ਥਾਣਾ ਡਵੀਜ਼ਨ ਨੰਬਰ 4 ਅਧੀਨ ਆਉਂਦੇ ਕੇਸਰ ਪੈਟਰੋਲ ਪੰਪ ਦੇ ਬਾਹਰ ਅੱਜ ਸ਼ਾਮ 8:30 ਵਜੇ ਲੁੱਟ ਦੀ ਵਾਰਦਾਤ ਹੋਈ। ADCP City-1 ਸ਼੍ਰੀ ਮੁਖਤਿਆਰ ਰਾਏ, PPS ਨੇ ਦੱਸਿਆ ਕਿ ਇੱਕ ਵਿਅਕਤੀ ਆਪਣੀ ਕਾਰ ਦਾ ਪੰਕਚਰ ਲਗਵਾ ਰਿਹਾ ਸੀ, ਤਾਂ ਮੌਕਾ ਦੇਖ ਕੇ ਇੱਕ ਵਿਅਕਤੀ ਉਸਦੀ ਕਾਰ ‘ਚੋਂ ਨਕਦੀ ਕੱਢ ਕੇ ਫਰਾਰ ਹੋ ਗਿਆ। ਪੀੜਤ ਦੀ ਪਛਾਣ ਭਾਟੀਆ ਇਲੈਕਟ੍ਰਾਨਿਕਸ ਦੇ ਮਾਲਕ ਸ਼ਰਨ ਪਾਲ ਸਿੰਘ ਵਜੋਂ ਹੋਈ ਹੈ, ਜਿਸਦੇ ਬੈਗ ‘ਚ ਦੱਸਿਆ ਜਾ ਰਿਹਾ ਹੈ 10 ਲੱਖ ਰੁਪਏ ਸਨ।

 

ਪੁਲਿਸ ਅਨੁਸਾਰ ਵਾਰਦਾਤ ਦਾ ਤਰੀਕਾ ਬੜਾ ਹੀ ਸ਼ਾਤਰਾਨਾ ਸੀ। ਪਹਿਲਾਂ ਗੱਡੀ ਦਾ ਟਾਇਰ ਪੰਕਚਰ ਕੀਤਾ ਗਿਆ ਅਤੇ ਫਿਰ ਜਦੋਂ ਡਰਾਈਵਰ ਟਾਇਰ ਦੇਖਣ ਲਈ ਥੱਲੇ ਉਤਰਿਆ ਤਾਂ ਸੀਟ ‘ਤੇ ਪਿਆ ਬੈਗ ਲੁੱਟ ਲਿਆ ਗਿਆ। ਇਹ ਉਹੀ ਮੋਡਸ ਓਪਰੈਂਡੀ ਹੈ ਜੋ ਜਲੰਧਰ ‘ਚ ਪਹਿਲਾਂ ਵੀ ਕਈ ਵਾਰ ਵਰਤਿਆ ਜਾ ਚੁੱਕਾ ਹੈ।

 

ਘਟਨਾ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਹਰਕਤ ‘ਚ ਆ ਗਈ ਹੈ। ADCP ਨੇ ਦੱਸਿਆ ਕਿ ਆਸ-ਪਾਸ ਲੱਗੇ ਸਾਰੇ CCTV ਕੈਮਰਿਆਂ ਦੀ ਫੁਟੇਜ ਕਬਜ਼ੇ ‘ਚ ਲੈ ਲਈ ਗਈ ਹੈ ਅਤੇ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਡਵੀਜ਼ਨ 4 ‘ਚ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਪਛਾਣ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ।

 

ਕਮਿਸ਼ਨਰੇਟ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਵਾਹਨਾਂ ‘ਚ ਕੀਮਤੀ ਸਮਾਨ ਜਾਂ ਵੱਡੀ ਨਕਦੀ ਬਿਨਾਂ ਨਿਗਰਾਨੀ ਨਾ ਛੱਡਣ। ਖਾਸ ਕਰਕੇ ਰਾਤ ਸਮੇਂ ਦੁਕਾਨ ਦਾ ਕੈਸ਼ ਲਿਜਾਂਦੇ ਸਮੇਂ ਸਾਵਧਾਨੀ ਵਰਤੋ। ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਦੀ ਸੂਚਨਾ ਤੁਰੰਤ 112 ‘ਤੇ ਦਿਓ।