Pages

Pages

ਪੰਜਾਬ ਪੁਲਿਸ ਦੀ ਵੱਡੀ ਸਫਲਤਾ – ਯੂਰਪ ਤੋਂ ਪਹਿਲੀ ਹਵਾਲਗੀ, ਜੱਗੂ ਭਗਵਾਨਪੁਰੀਆ ਗੈਂਗ ਦਾ ਗੁਰਗਾ ਅੰਮ੍ਰਿਤ ਦਾਲਮ ਮੋਲਦੋਵਾ ਤੋਂ ਭਾਰਤ ਵਾਪਸ।

ਜਲੰਧਰ, 12 ਸਤੰਬਰ : Prime Punjab 

ਮੁੱਖ ਮੰਤਰੀ ਭਗਵੰਤ ਮਾਨ ਦੀ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਖ਼ਿਲਾਫ਼ ਵੱਡੀ ਸਫਲਤਾ ਹਾਸਲ ਕੀਤੀ ਹੈ। ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਅਤੇ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (ਓ.ਐਫ.ਟੀ.ਈ.ਸੀ.) ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਜੱਗੂ ਭਗਵਾਨਪੁਰੀਆ ਗੈਂਗ ਦੇ ਮੁੱਖ ਗੁਰਗੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਨੂੰ ਮੋਲਦੋਵਾ ਗਣਰਾਜ ਤੋਂ ਵਾਪਸ ਲਿਆਂਦਾ ਹੈ। ਇਹ ਪੰਜਾਬ ਪੁਲਿਸ ਵੱਲੋਂ ਕਿਸੇ ਯੂਰਪੀ ਦੇਸ਼ ਤੋਂ ਹਾਸਲ ਕੀਤੀ ਗਈ ਪਹਿਲੀ ਹਵਾਲਗੀ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਜਾਣਕਾਰੀ ਦਿੱਤੀ।

 

ਦੋਸ਼ੀ ਅੰਮ੍ਰਿਤ ਦਾਲਮ ਕਤਲ, ਇਰਾਦਾ ਕਤਲ, ਯੂ.ਏ.ਪੀ.ਏ., ਅਸਲਾ ਐਕਟ, ਨਸ਼ੀਲੇ ਪਦਾਰਥਾਂ ਦੇ 7 ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਹੈ – ਜਿਨ੍ਹਾਂ ਵਿੱਚ 2019 ਵਿੱਚ ਬਟਾਲਾ ਵਿਖੇ ਦਲਬੀਰ ਸਿੰਘ ਦਾ ਕਤਲ, 2024 ਵਿੱਚ ਹੁਸ਼ਿਆਰਪੁਰ ਡਬਲ ਮਰਡਰ, 2025 ਵਿੱਚ ਧਰਮਾ, ਕਨਵ ਮਹਾਜਨ ਅਤੇ ਜਸਦੀਪ ਚੀਮਾ ਕਤਲ ਸ਼ਾਮਲ ਹਨ। ਮੁਲਜ਼ਮ ਅਕਤੂਬਰ 2024 ਵਿੱਚ ਕੁਰੂਕਸ਼ੇਤਰ, ਹਰਿਆਣਾ ਦੇ ਹੀਰਾ ਸਿੰਘ ਦੇ ਨਾਂ ‘ਤੇ ਬਣੇ ਜਾਅਲੀ ਪਾਸਪੋਰਟ ‘ਤੇ ਵਿਦੇਸ਼ ਫਰਾਰ ਹੋ ਗਿਆ ਸੀ। ਉਸਨੂੰ 24 ਫਰਵਰੀ 2026 ਨੂੰ ਮੋਲਦੋਵਾ-ਯੂਕਰੇਨ ਬਾਰਡਰ ਓਟਾਸੀ ਤੋਂ ਕਰਾਸ ਕਰਦੇ ਹੋਏ ਹਿਰਾਸਤ ਵਿੱਚ ਲਿਆ ਗਿਆ। ਕੋਰਟ ਆਫ਼ ਚਿਸੀਨਾਉ ਨੇ 26 ਮਈ 2026 ਨੂੰ ਹਵਾਲਗੀ ਮਨਜ਼ੂਰ ਕੀਤੀ ਅਤੇ ਉਸਦੀ ਅਪੀਲ 16 ਜੁਲਾਈ ਨੂੰ ਰੱਦ ਹੋ ਗਈ।

 

ਡੀ.ਜੀ.ਪੀ. ਨੇ ਦੱਸਿਆ ਕਿ 4-ਮੈਂਬਰੀ ਟੀਮ ਐਸ.ਪੀ. ਏ.ਜੀ.ਟੀ.ਐਫ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਮੋਲਦੋਵਾ ਗਈ – ਇੰਸਪੈਕਟਰ ਪੁਸ਼ਵਿੰਦਰ ਸਿੰਘ, ਐਸ.ਆਈ. ਜਸਪ੍ਰੀਤ ਸਿੰਘ ਅਤੇ ਏ.ਐਸ.ਆਈ. ਵਰਿੰਦਰ ਕੁਮਾਰ ਸ਼ਾਮਲ ਸਨ। ਟੀਮ ਨੇ ਸ਼ੁੱਕਰਵਾਰ ਨੂੰ ਚਿਸੀਨਾਉ ਏਅਰਪੋਰਟ ਤੋਂ ਹਿਰਾਸਤ ਵਿੱਚ ਲਿਆ ਅਤੇ ਸ਼ਨੀਵਾਰ ਸਵੇਰੇ ਆਈ.ਜੀ.ਆਈ. ਏਅਰਪੋਰਟ ਨਵੀਂ ਦਿੱਲੀ ਪਹੁੰਚੀ। ਇਹ ਕਾਰਵਾਈ 6 ਮਹੀਨੇ ਚੱਲਣ ਵਾਲੇ “ਆਪਰੇਸ਼ਨ ਈਸਟਰਨ ਰੀਚ” ਦੀ ਸਫਲ ਸਮਾਪਤੀ ਹੈ। ਡੀ.ਜੀ.ਪੀ. ਨੇ ਮੋਲਦੋਵਾ, ਅਜ਼ਰਬਾਈਜਾਨ ਅਥਾਰਟੀਆਂ, ਆਈ.ਪੀ.ਸੀ.ਯੂ.-ਸੀ.ਬੀ.ਆਈ., ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲਾ ਅਤੇ ਹੋਰ ਕੇਂਦਰੀ ਏਜੰਸੀਆਂ ਦਾ ਧੰਨਵਾਦ ਕੀਤਾ।

 

ਏ.ਡੀ.ਜੀ.ਪੀ. ਏ.ਜੀ.ਟੀ.ਐਫ. ਪ੍ਰਮੋਦ ਬਾਨ ਅਤੇ ਆਈ.ਜੀ.ਪੀ. ਕਾਊਂਟਰ ਇੰਟੈਲੀਜੈਂਸ ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਓ.ਐਫ.ਟੀ.ਈ.ਸੀ. ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ 10 ਅਤਿ ਲੋੜੀਂਦੇ ਭਗੌੜਿਆਂ ਨੂੰ ਵਾਪਸ ਭਾਰਤ ਲਿਆਂਦਾ ਗਿਆ ਹੈ – ਇਸ ਸਾਲ ਯੂ.ਏ.ਈ. ਤੋਂ ਅੰਮ੍ਰਿਤਪਾਲ ਮਹਿਰੋਂ ਦੀ ਹਵਾਲਗੀ ਵੀ ਸ਼ਾਮਲ ਹੈ। ਓ.ਐਫ.ਟੀ.ਈ.ਸੀ. ਵੱਲੋਂ 11 ਹੋਰ ਵਿਦੇਸ਼ ਅਧਾਰਿਤ ਭਗੌੜਿਆਂ ਦੀ ਹਵਾਲਗੀ ਲਈ ਯਤਨ ਜਾਰੀ ਹਨ। ਪੰਜਾਬ ਪੁਲਿਸ ਵੱਲੋਂ ਰੈੱਡ ਨੋਟਿਸ ਅਤੇ ਲਗਾਤਾਰ ਖੁਫੀਆ ਜਾਣਕਾਰੀ ਸਾਂਝੀ ਕਰਨ ਕਰਕੇ ਹੀ ਇਹ ਹਵਾਲਗੀ ਸੰਭਵ ਹੋ ਸਕੀ।