Pages

Pages

ਜਲੰਧਰ ਰੇਲਵੇ ਸਟੇਸ਼ਨ ‘ਤੇ ਦਰਦਨਾਕ ਹਾਦਸਾ – ਧੀ ਨੂੰ ਬਚਾਉਂਦਿਆਂ ਚਲਦੀ ਟਰੇਨ ਥੱਲੇ ਆਇਆ ਪਿਤਾ, ਮੌਤ।

ਜਲੰਧਰ, 17 ਸਤੰਬਰ : Prime Punjab 

ਜਲੰਧਰ ਰੇਲਵੇ ਸਟੇਸ਼ਨ ‘ਤੇ ਬੁੱਧਵਾਰ ਦੁਪਹਿਰ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰ ਗਿਆ। ਆਪਣੀ ਧੀ ਨੂੰ ਸੰਭਾਲਣ ਦੇ ਚੱਕਰ ‘ਚ ਚਲਦੀ ਟਰੇਨ ਥੱਲੇ ਆਉਣ ਨਾਲ 45 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਸੰਧੂ ਵਾਸੀ ਵਿਸ਼ਨੂੰ ਗਾਰਡਨ, ਜਲੰਧਰ ਵਜੋਂ ਹੋਈ ਹੈ।

 

ਜਾਣਕਾਰੀ ਮੁਤਾਬਕ ਸ਼ਮਸ਼ੇਰ ਸਿੰਘ ਆਪਣੇ ਪਰਿਵਾਰ ਨਾਲ ਬਿਆਸ ਜਾਣ ਲਈ ਟਰੇਨ ‘ਚ ਸਵਾਰ ਸਨ। ਦੁਪਹਿਰ ਕਰੀਬ 12:57 ਵਜੇ ਟਰੇਨ ਜਲੰਧਰ ਸਟੇਸ਼ਨ ‘ਤੇ ਰੁਕੀ ਤਾਂ ਉਹ ਪਲੇਟਫਾਰਮ ‘ਤੇ ਕੁਝ ਜ਼ਰੂਰੀ ਸਮਾਨ ਲੈਣ ਲਈ ਹੇਠਾਂ ਉਤਰ ਗਏ। ਇਸੇ ਦੌਰਾਨ ਅਚਾਨਕ ਟਰੇਨ ਚੱਲ ਪਈ ਅਤੇ ਡੱਬੇ ‘ਚ ਬੈਠੀ ਉਨ੍ਹਾਂ ਦੀ ਧੀ ਘਬਰਾ ਗਈ।

ਧੀ ਨੂੰ ਘਬਰਾਇਆ ਦੇਖ ਸ਼ਮਸ਼ੇਰ ਸਿੰਘ ਨੇ ਦੌੜ ਕੇ ਚਲਦੀ ਟਰੇਨ ‘ਚ ਚੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਇਸ ਆਪਾਧਾਪੀ ‘ਚ ਉਨ੍ਹਾਂ ਦਾ ਪੈਰ ਤਿਲਕ ਗਿਆ ਅਤੇ ਉਹ ਸੰਤੁਲਨ ਵਿਗੜਨ ਕਾਰਨ ਸਿੱਧਾ ਟਰੇਨ ਹੇਠਾਂ ਆ ਗਏ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਸਟੇਸ਼ਨ ‘ਤੇ ਹਫੜਾ-ਦਫੜੀ ਮੱਚ ਗਈ।

 

ਮੌਕੇ ‘ਤੇ ਮੌਜੂਦ ਯਾਤਰੀਆਂ ਤੇ GRP ਪੁਲਿਸ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ, ਪਰ ਸੱਟਾਂ ਇੰਨੀਆਂ ਗੰਭੀਰ ਸਨ ਕਿ ਰਸਤੇ ‘ਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਡਾਕਟਰਾਂ ਨੇ ਹਸਪਤਾਲ ਪਹੁੰਚਣ ‘ਤੇ ਮ੍ਰਿਤ ਐਲਾਨ ਦਿੱਤਾ। GRP ਨੇ ਲਾਸ਼ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ‘ਚ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।