Pages

Pages

ਨਕੋਦਰ ‘ਚ 3.16 ਲੱਖ ਦੀ ਲੁੱਟ ਦਾ ਨਿਕਲਿਆ ਨਾਟਕ – ਮੁਦਈ ਹੀ ਨਿਕਲਿਆ ਲੁਟੇਰਾ, ਜਲੰਧਰ ਦਿਹਾਤੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ।

ਜਲੰਧਰ, 20 ਸਤੰਬਰ  : Prime Punjab

ਜਲੰਧਰ ਦੇ ਥਾਣਾ ਸਦਰ ਨਕੋਦਰ ‘ਚ 16 ਸਤੰਬਰ ਨੂੰ 3 ਲੱਖ 16 ਹਜ਼ਾਰ 599 ਰੁਪਏ ਦੀ ਲੁੱਟ ਦੀ ਖ਼ਬਰ ਨੇ ਹੜਕੰਪ ਮਚਾ ਦਿੱਤਾ ਸੀ। CMS Info Systems ਕੰਪਨੀ ਦੇ ਮੁਲਾਜ਼ਮ ਅਰਵਿੰਦਰ ਸਿੰਘ ਵਾਸੀ ਪਿੰਡ ਚੂਹੜ ਨੇ ਦੱਸਿਆ ਸੀ ਕਿ ਪਿੰਡ ਜਮੀਤਗੜ੍ਹ ਖੋਸੇ ਦੇ ਅੱਡੇ ‘ਤੇ ਅਣਪਛਾਤਿਆਂ ਨੇ ਉਸਨੂੰ ਘੇਰ ਕੇ ਕੰਪਨੀ ਦੀ ਕਲੈਕਸ਼ਨ ਲੁੱਟ ਲਈ ਹੈ। ਇਸ ‘ਤੇ ਥਾਣਾ ਸਦਰ ਨਕੋਦਰ ‘ਚ FIR ਨੰ: 254 ਧਾਰਾ 309(4) BNS ਤਹਿਤ ਮਾਮਲਾ ਦਰਜ ਹੋਇਆ ਸੀ।

 

SSP ਹਰਵਿੰਦਰ ਸਿੰਘ ਵਿਰਕ ਦੇ ਹੁਕਮਾਂ ‘ਤੇ SP ਤਫਤੀਸ਼ ਵਿਨੀਤ ਅਹਲਾਵਤ ਅਤੇ DSP ਨਕੋਦਰ ਓਂਕਾਰ ਸਿੰਘ ਬਰਾੜ ਦੀ ਅਗਵਾਈ ‘ਚ ਇੰਸਪੈਕਟਰ ਪਲਵਿੰਦਰ ਸਿੰਘ ਦੀ ਟੀਮ ਨੇ ਤਕਨੀਕੀ ਤਰੀਕੇ ਨਾਲ ਜਾਂਚ ਕੀਤੀ ਤਾਂ ਪੂਰੀ ਕਹਾਣੀ ਹੀ ਪਲਟ ਗਈ। ਜਾਂਚ ‘ਚ ਸਾਹਮਣੇ ਆਇਆ ਕਿ ਕੋਈ ਲੁੱਟ ਹੋਈ ਹੀ ਨਹੀਂ ਸੀ, ਸਗੋਂ ਸ਼ਿਕਾਇਤ ਦੇਣ ਵਾਲਾ ਅਰਵਿੰਦਰ ਸਿੰਘ ਹੀ ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਸੀ।

 

ਪੁੱਛਗਿੱਛ ‘ਚ ਮੁਲਜ਼ਮ ਨੇ ਮੰਨਿਆ ਕਿ ਉਸਨੇ ਘਰੇਲੂ ਖਰਚਿਆਂ ਲਈ ਕਰਜ਼ਾ ਲਿਆ ਹੋਇਆ ਸੀ। ਕਰਜ਼ਾ ਮੋੜਨ ਲਈ ਉਸਨੇ ਕੰਪਨੀ ਦੇ ਪੈਸੇ ਹੜੱਪਣ ਦੀ ਨੀਅਤ ਨਾਲ ਲੁੱਟ ਦਾ ਝੂਠਾ ਡਰਾਮਾ ਰਚਿਆ ਅਤੇ ਕੰਪਨੀ ਨੂੰ ਗਲਤ ਸੂਚਨਾ ਦੇ ਕੇ ਪੁਲਿਸ ਕੋਲ FIR ਦਰਜ ਕਰਵਾਈ। ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 2 ਲੱਖ ਰੁਪਏ ਦੀ ਨਗਦੀ ਬਰਾਮਦ ਕਰ ਲਈ ਹੈ।

 

DSP ਨਕੋਦਰ ਨੇ ਦੱਸਿਆ ਕਿ ਬਾਕੀ 1.16 ਲੱਖ ਰੁਪਏ ਦੀ ਬਰਾਮਦਗੀ ਲਈ ਅਗਲੀ ਤਫਤੀਸ਼ ਜਾਰੀ ਹੈ। SSP ਜਲੰਧਰ ਦਿਹਾਤੀ ਨੇ ਕਿਹਾ ਕਿ ਪੁਲਿਸ ਗੰਭੀਰ ਮਾਮਲਿਆਂ ‘ਚ ਆਧੁਨਿਕ ਤਕਨੀਕ ਨਾਲ ਤੁਰੰਤ ਕਾਰਵਾਈ ਕਰ ਰਹੀ ਹੈ ਤਾਂ ਜੋ ਕੋਈ ਵੀ ਦੋਸ਼ੀ ਕਾਨੂੰਨ ਤੋਂ ਬਚ ਨਾ ਸਕੇ।