Pages

Pages

ਜਲੰਧਰ ਦਿਹਾਤ ‘ਚ ਹਥਿਆਰਾਂ ਦੇ ਜ਼ੋਰ ‘ਤੇ ਲੁੱਟ – ਤੇਜ਼ਧਾਰ ਹਥਿਆਰ ਦਿਖਾ ਕੇ ਕਿਸਾਨ ਤੋਂ ਇਲੈਕਟ੍ਰਿਕ ਸਕੂਟੀ ਤੇ ਮੋਬਾਈਲ ਖੋਹ ਕੇ 3 ਲੁਟੇਰੇ ਫਰਾਰ।

ਜਲੰਧਰ, 17 ਅਕਤੂਬਰ : Prime Punjab 

ਜਲੰਧਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਮਹਾਨਗਰ ਦੇ ਦਿਹਾਤੀ ਇਲਾਕੇ ਗੋਰਾਇਆ ‘ਚ ਦੇਰ ਰਾਤ ਹਥਿਆਰਾਂ ਦੇ ਬਲ ‘ਤੇ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਗੋਰਾਇਆ ਦੇ ਪਿੰਡ ਬੋਪਾਰਾਏ ‘ਚ ਜੰਡ ਰੋਡ ਦੀ ਪੁਲੀ ‘ਤੇ 3 ਲੁਟੇਰਿਆਂ ਨੇ ਇੱਕ ਕਿਸਾਨ ਨੂੰ ਘੇਰ ਕੇ ਉਸਦੀ ਇਲੈਕਟ੍ਰਿਕ ਸਕੂਟੀ, ਮੋਬਾਈਲ ਫੋਨ ਅਤੇ ਜ਼ਰੂਰੀ ਕਾਗਜ਼ਾਤ ਲੁੱਟ ਲਏ।

ਪੀੜਤ ਦੀ ਪਛਾਣ ਜਸਵੀਰ ਸਿੰਘ ਵਜੋਂ ਹੋਈ ਹੈ, ਜੋ ਗੋਰਾਇਆ ਦਾ ਹੀ ਰਹਿਣ ਵਾਲਾ ਹੈ। ਜਸਵੀਰ ਨੇ ਦੱਸਿਆ ਕਿ ਰਾਤ ਕਰੀਬ 8.15 ਵਜੇ ਉਹ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਰਸਤੇ ‘ਚ 3 ਨੌਜਵਾਨਾਂ ਨੇ ਉਸਨੂੰ ਦਾਤਰ ਅਤੇ ਡੰਡਿਆਂ ਨਾਲ ਘੇਰ ਲਿਆ। ਲੁਟੇਰਿਆਂ ਨੇ ਉਸ ‘ਤੇ ਹਮਲਾ ਕਰਨ ਦੀ ਨੀਅਤ ਨਾਲ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਜ਼ਬਰਦਸਤੀ ਉਸ ਤੋਂ ਸਾਰਾ ਸਮਾਨ ਖੋਹ ਕੇ ਫਰਾਰ ਹੋ ਗਏ।

 

ਘਟਨਾ ਤੋਂ ਬਾਅਦ ਪੀੜਤ ਨੇ ਰਾਤ 10.30 ਵਜੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਜਸਵੀਰ ਦਾ ਕਹਿਣਾ ਹੈ ਕਿ ਉਸਦੀ ਇਲੈਕਟ੍ਰਿਕ ਸਕੂਟੀ ‘ਚ ਜ਼ਿਆਦਾ ਚਾਰਜ ਨਹੀਂ ਸੀ, ਇਸ ਲਈ ਉਹ ਵੱਧ ਤੋਂ ਵੱਧ 5 ਤੋਂ 6 ਕਿਲੋਮੀਟਰ ਤੱਕ ਹੀ ਜਾ ਸਕਦੀ ਹੈ। ਉਸਨੇ ਇਹ ਵੀ ਦੱਸਿਆ ਕਿ ਹੱਥੋਪਾਈ ਦੌਰਾਨ ਉਸਨੇ ਇੱਕ ਲੁਟੇਰੇ ਦਾ ਚਿਹਰਾ ਦੇਖ ਲਿਆ ਸੀ ਅਤੇ ਉਹ ਉਸਨੂੰ ਪਛਾਣ ਸਕਦਾ ਹੈ, ਜਦਕਿ ਬਾਕੀ ਦੋ ਲੁਟੇਰਿਆਂ ਨੇ ਆਪਣੇ ਮੂੰਹ ਢਕੇ ਹੋਏ ਸਨ।

ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।