Pages

Pages

ਮੇਹਰ ਚੰਦ ਪੌਲੀਟੈਕਨਿਕ ਕਾਲਜ ਦਾ ਵਿਦਿਅਕ ਦੌਰਾ ਸਫਲ, ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਭਾਖੜਾ ਡੈਮ ਤੋਂ ਮਲਾਣਾ ਹਾਈਡਲ ਪਲਾਂਟ ਤੱਕ ਲਿਆ ਤਕਨੀਕੀ ਗਿਆਨ।

Director : Manvir Singh Walia

Editor : Jatin Kumar Sahota

ਜਲੰਧਰ, 03 ਨਵੰਬਰ : Prime Punjab 

ਮੇਹਰ ਚੰਦ ਪੌਲੀਟੈਕਨਿਕ ਕਾਲਜ, ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ ਹੇਠ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ 5ਵੇਂ ਸਮੈਸਟਰ ਦੇ ਵਿਦਿਆਰਥੀਆਂ ਦਾ 6 ਰੋਜ਼ਾ ਵਿਦਿਅਕ ਅਤੇ ਤਕਨੀਕੀ ਦੌਰਾ 14 ਤੋਂ 19 ਅਕਤੂਬਰ, 2026 ਤੱਕ ਸਫਲਤਾਪੂਰਵਕ ਸੰਪੰਨ ਹੋਇਆ। ਇਸ ਦੌਰੇ ਦਾ ਸਫਲ ਆਯੋਜਨ ਸ੍ਰੀ ਵਿਕਰਮਜੀਤ ਸਿੰਘ ਸੰਧੇਤਰਾ ਅਤੇ ਉਨ੍ਹਾਂ ਦੇ ਸਹਿਯੋਗੀ ਸ੍ਰੀ ਗਗਨਦੀਪ ਵੱਲੋਂ ਕੀਤਾ ਗਿਆ।

ਦੌਰੇ ਦੌਰਾਨ ਵਿਦਿਆਰਥੀਆਂ ਨੇ ਕਈ ਮਹੱਤਵਪੂਰਨ ਉਦਯੋਗਿਕ ਅਤੇ ਤਕਨੀਕੀ ਥਾਵਾਂ ਦਾ ਦੌਰਾ ਕਰਕੇ ਵਿਹਾਰਕ ਜਾਣਕਾਰੀ ਹਾਸਲ ਕੀਤੀ। ਇਹਨਾਂ ‘ਚ ਭਾਖੜਾ ਡੈਮ, ਗੰਗੂਵਾਲ ਪਾਵਰ ਸਟੇਸ਼ਨ, ਪੰਜਾਬ ਐਨਰਜੀ ਡਿਵੈਲਪਮੈਂਟ ਅਥਾਰਟੀ (PEDA), ਏਅਰ ਫੋਰਸ ਮਿਊਜ਼ੀਅਮ, ਵਿੰਡ ਮਿੱਲ ਅਤੇ ਹਿਮਾਚਲ ਦੇ ਕੁੱਲੂ ਵਿਖੇ ਸਥਿਤ ਮਲਾਣਾ ਹਾਈਡ੍ਰੋ ਪਾਵਰ ਪਲਾਂਟ ਸ਼ਾਮਲ ਸਨ। ਇਸ ਤੋਂ ਇਲਾਵਾ ਸੁੰਦਰ ਨਗਰ ਵਿਖੇ ਪੰਡੋਹ ਡੈਮ ਅਤੇ ਮਨਾਲੀ ‘ਚ ਬਿਆਸ ਕੁੰਡ ਦਾ ਦੌਰਾ ਵੀ ਕੀਤਾ ਗਿਆ।

ਵਿਦਿਆਰਥੀਆਂ ਨੇ ਸੂਰਜੀ ਅਤੇ ਪੌਣ ਊਰਜਾ ਪ੍ਰਣਾਲੀਆਂ ਬਾਰੇ ਵਿਸ਼ੇਸ਼ ਜਾਣਕਾਰੀ ਪ੍ਰਾਪਤ ਕੀਤੀ। ਤਕਨੀਕੀ ਸਿੱਖਿਆ ਦੇ ਨਾਲ-ਨਾਲ ਦੌਰੇ ‘ਚ ਧਾਰਮਿਕ ਅਤੇ ਸੈਰ-ਸਪਾਟਾ ਸਥਾਨ ਵੀ ਸ਼ਾਮਲ ਸਨ। ਵਿਦਿਆਰਥੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਛੀਵਾੜਾ ਸਾਹਿਬ ਦੇ ਗੁਰਦੁਆਰਿਆਂ ‘ਚ ਮੱਥਾ ਟੇਕਿਆ, ਨਜ਼ਦੀਕੀ ਮੰਦਰ ਦੇ ਦਰਸ਼ਨ ਕੀਤੇ ਅਤੇ ਚੰਡੀਗੜ੍ਹ ਦੇ ਪ੍ਰਸਿੱਧ ਰੌਕ ਗਾਰਡਨ, ਸੁਖਨਾ ਝੀਲ ਅਤੇ ਮਨਾਲੀ ਦੇ ਸਨੋਅ ਪੁਆਇੰਟ ਦਾ ਆਨੰਦ ਮਾਣਿਆ।

ਇਸ ਮੌਕੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੀ ਮੁਖੀ ਸ੍ਰੀਮਤੀ ਗੀਤਾ ਰਾਣੀ ਨੇ ਦੌਰੇ ਦੇ ਸਫਲ ਆਯੋਜਨ ਲਈ ਆਯੋਜਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਦੇ ਗਿਆਨ ਅਤੇ ਹੁਨਰ ‘ਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਉਦਯੋਗਿਕ ਖੇਤਰ ਦੀਆਂ ਅਸਲ ਕਾਰਜ ਪ੍ਰਣਾਲੀਆਂ ਨੂੰ ਸਮਝਣ ‘ਚ ਮਦਦਗਾਰ ਸਾਬਤ ਹੁੰਦੇ ਹਨ। ਇਹ ਦੌਰਾ ਵਿਦਿਆਰਥੀਆਂ ਲਈ ਬੇਹੱਦ ਯਾਦਗਾਰੀ, ਰੋਚਕ ਅਤੇ ਗਿਆਨਵਰਧਕ ਸਾਬਤ ਹੋਇਆ।