Pages

Pages

ਮੋਗਾ-ਜਲੰਧਰ ਰੋਡ ‘ਤੇ ਤੇਜ਼ ਰਫ਼ਤਾਰ ਬੱਸ ਦਾ ਕਹਿਰ, ਮਾਸੀ-ਭਤੀਜੇ ਦੀ ਮੌਤ, 8 ਸਾਲਾ ਬੱਚਾ ਜ਼ਖ਼ਮੀ।

ਜਲੰਧਰ, 05 ਨਵੰਬਰ : Prime Punjab 

ਮੋਗਾ-ਜਲੰਧਰ ਮੁੱਖ ਮਾਰਗ ‘ਤੇ ਵੀਰਵਾਰ ਨੂੰ ਦਿਲ ਕੰਬਾਊ ਸੜਕ ਹਾਦਸਾ ਵਾਪਰਿਆ। ਹਾਈਵੇਅ ਪੁੱਲ ਦੇ ਹੇਠਾਂ ਲੰਘ ਰਹੇ ਮੋਟਰਸਾਈਕਲ ਸਵਾਰਾਂ ਨੂੰ ਇੱਕ ਬੇਕਾਬੂ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੌਕੇ ‘ਤੇ ਹੀ ਚੀਕ-ਚਿਹਾੜਾ ਮੱਚ ਗਿਆ ਅਤੇ ਆਸ-ਪਾਸ ਦੇ ਲੋਕ ਮਦਦ ਲਈ ਦੌੜੇ।

 

ਇਸ ਦਰਦਨਾਕ ਹਾਦਸੇ ‘ਚ 38 ਸਾਲਾ ਗੁਰਵਿੰਦਰ ਕੌਰ ਵਾਸੀ ਪੰਡੋਰੀ ਅਰਾਈਆਂ ਅਤੇ ਉਸ ਦੇ 21 ਸਾਲਾ ਭਤੀਜੇ ਗੁਰਵਿੰਦਰ ਸਿੰਘ ਵਾਸੀ ਹਿਰਦੇਵਾਲਾ, ਜ਼ੀਰਾ ਨੇ ਦਮ ਤੋੜ ਦਿੱਤਾ। ਉਨ੍ਹਾਂ ਨਾਲ ਮੋਟਰਸਾਈਕਲ ‘ਤੇ ਸਵਾਰ 8 ਸਾਲਾ ਮਾਸੂਮ ਗੁਰਸਾਹਿਬ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

 

ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਕੌਰ ਆਪਣੇ ਭਤੀਜੇ ਅਤੇ ਬੱਚੇ ਨਾਲ ਧਰਮਕੋਟ ਤੋਂ ਘਰੇਲੂ ਸਮਾਨ ਲੈਣ ਜਾ ਰਹੀ ਸੀ। ਰਸਤੇ ‘ਚ ਤੇਜ਼ ਰਫ਼ਤਾਰ ਬੱਸ ਨੇ ਉਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਪਹੁੰਚੀ ਅਤੇ ਜ਼ਖ਼ਮੀ ਬੱਚੇ ਸਮੇਤ ਦੋਵਾਂ ਨੂੰ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

 

ਥਾਣਾ ਧਰਮਕੋਟ ਦੇ SHO ਇੰਸਪੈਕਟਰ ਜਤਿੰਦਰ ਸਿੰਘ ਮੁਤਾਬਕ ਪਰਿਵਾਰ ਦੇ ਬਿਆਨਾਂ ‘ਤੇ ਬੱਸ ਚਾਲਕ ਖਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਬੱਸ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਮੋਟਰਸਾਈਕਲ ਵੀ ਪੂਰੀ ਤਰ੍ਹਾਂ ਟੁੱਟ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਇੰਦਰਜੀਤ ਸਿੰਘ ਕਰ ਰਹੇ ਹਨ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪੀਆਂ ਜਾਣਗੀਆਂ।