Pages

Pages

ਆਪ ਸਰਕਾਰ ਵਿਰੁੱਧ ਭਾਜਪਾ ਦੀ ਚਾਰਜਸ਼ੀਟ ਮੁਹਿੰਮ CM ਮਾਨ ਦੇ ਹਲਕੇ ਧੂਰੀ ਤੋਂ ਹੋਵੇਗੀ ਸ਼ੁਰੂ: ਸੁਨੀਲ ਜਾਖੜ।

ਜਲੰਧਰ, 18 ਨਵੰਬਰ : Prime Punjab 

ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਚਾਰਜਸ਼ੀਟ ਮੁਹਿੰਮ ਦਾ ਐਲਾਨ ਕਰ ਦਿੱਤਾ ਹੈ। ਚਾਰਜਸ਼ੀਟ ਕਮੇਟੀ ਦੀ ਪਹਿਲੀ ਮੀਟਿੰਗ ਤੋਂ ਬਾਅਦ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਕਾਗਜ਼ੀ ਦਸਤਾਵੇਜ਼ ਨਹੀਂ ਹੋਵੇਗੀ, ਸਗੋਂ ਲੋਕਾਂ ਦੀ ਆਵਾਜ਼ ਬਣੇਗੀ। ਮੀਟਿੰਗ ਵਿੱਚ ਪੰਜਾਬ ਪ੍ਰਭਾਰੀ ਸਾਂਸਦ ਸਤੀਸ਼ ਪੂਨੀਆਂ ਅਤੇ ਸਹਿ ਪ੍ਰਭਾਰੀ ਵਰਿੰਦਰ ਸਚਦੇਵਾ ਵੀ ਮੌਜੂਦ ਰਹੇ। ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ਤੋਂ ਕੀਤੀ ਜਾਵੇਗੀ।

 

ਜਾਖੜ ਨੇ ਸਰਕਾਰ ‘ਤੇ ਭ੍ਰਿਸ਼ਟਾਚਾਰ, ਨਸ਼ਿਆਂ, ਵਿਗੜਦੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਫਿਰੌਤੀਆਂ, ਬੇਰੁਜ਼ਗਾਰੀ ਅਤੇ ਸਨਅਤਾਂ ਦੇ ਪੰਜਾਬ ਤੋਂ ਪਲਾਇਨ ਵਰਗੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਪੁਲਿਸ ਵਧੀਕੀਆਂ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਨੂੰ ਨਾਮਜ਼ਦਗੀ ਤੋਂ ਰੋਕਣ ਦੀਆਂ ਘਟਨਾਵਾਂ, ਜਿਸ ਕਾਰਨ ਸੁਪਰੀਮ ਕੋਰਟ ਦੇ ਦਖ਼ਲ ਨਾਲ ਮੁੜ ਚੋਣਾਂ ਹੋਈਆਂ, ਉਹ ਵੀ ਚਾਰਜਸ਼ੀਟ ਦਾ ਹਿੱਸਾ ਹੋਣਗੀਆਂ।

 

ਭਾਜਪਾ ਵਰਕਰ ਬੂਥ ਪੱਧਰ ਤੱਕ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਇਕੱਠੀਆਂ ਕਰਨਗੇ ਅਤੇ ਇਸ ਲਈ ਇੱਕ ਵੈੱਬਸਾਈਟ ਵੀ ਸ਼ੁਰੂ ਕੀਤੀ ਜਾਵੇਗੀ। ਜਾਖੜ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ਼ ਚਾਰਜਸ਼ੀਟ ਹੀ ਨਹੀਂ ਹੋਵੇਗੀ, ਭਾਜਪਾ ਦੀ ਸਰਕਾਰ ਬਣਨ ‘ਤੇ ਲੋਕਾਂ ਨਾਲ ਹੋਈਆਂ ਵਧੀਕੀਆਂ ਦਾ ਇਨਸਾਫ਼ ਵੀ ਹੋਵੇਗਾ ਅਤੇ ਜ਼ਿੰਮੇਵਾਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾੜੀ ਹਾਲਤ ਲਈ ਦਿੱਲੀ ਦੇ ਆਗੂ ਅਰਵਿੰਦ ਕੇਜਰੀਵਾਲ ਵਿਰੁੱਧ ਲੱਗੇ ਇਲਜ਼ਾਮ ਵੀ ਚਾਰਜਸ਼ੀਟ ਵਿੱਚ ਸ਼ਾਮਲ ਕੀਤੇ ਜਾਣਗੇ।

 

ਐੱਸਆਈਆਰ ਦੇ ਮੁੱਦੇ ‘ਤੇ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਯੋਗ ਪੰਜਾਬੀ ਵੋਟਰ ਦੀ ਵੋਟ ਨਹੀਂ ਕੱਟੀ ਗਈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ‘ਤੇ ਤੰਜ਼ ਕਸਦਿਆਂ ਉਨ੍ਹਾਂ ਕਿਹਾ ਕਿ ਚੰਨੀ ਆਪਣੀ ਯਾਤਰਾ ਪੈਚਵਰਕ ਵਾਲੀਆਂ ਸੜਕਾਂ ‘ਤੇ ਕਰ ਸਕਦੇ ਹਨ ਅਤੇ ਧੜਿਆਂ ਵਿੱਚ ਵੰਡੀ ਕਾਂਗਰਸ ਨੇ ਕਦੇ ਆਪ ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ਼ ਆਵਾਜ਼ ਨਹੀਂ ਚੁੱਕੀ।