Pages

Pages

PPSC PCS ਪ੍ਰੀਖਿਆ ‘ਤੇ ਹਾਈ ਕੋਰਟ ਦੀ ਰੋਕ, ਭਾਜਪਾ ਯੁਵਾ ਮੋਰਚਾ ਨੇ DAV ਕਾਲਜ ਬਾਹਰ ਵੰਡੇ ਲੱਡੂ, ਕਿਹਾ – ਇਹ ਵਿਦਿਆਰਥੀਆਂ ਦੀ ਜਿੱਤ।

ਜਲੰਧਰ, 20 ਨਵੰਬਰ : Prime Punjab 

ਜਲੰਧਰ ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ PCS (PPSC PCS) ਪ੍ਰੀਖਿਆ ਵਾਲੇ ਮਾਮਲੇ ‘ਚ ਰੋਕ ਲਗਾਉਣ ਦੇ ਫੈਸਲੇ ਦਾ ਭਾਰਤੀ ਜਨਤਾ ਯੁਵਾ ਮੋਰਚਾ, ਜਲੰਧਰ ਸ਼ਹਿਰੀ ਨੇ ਜ਼ੋਰਦਾਰ ਸਵਾਗਤ ਕੀਤਾ ਹੈ। ਫੈਸਲੇ ਤੋਂ ਬਾਅਦ ਯੁਵਾ ਮੋਰਚਾ ਵਰਕਰਾਂ ਨੇ DAV ਕਾਲਜ ਦੇ ਬਾਹਰ ਵਿਦਿਆਰਥੀਆਂ ਨੂੰ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਇਸ ਨੂੰ ਵਿਦਿਆਰਥੀਆਂ ਦੇ ਲੰਬੇ ਸੰਘਰਸ਼ ਦੀ ਜਿੱਤ ਦੱਸਿਆ।

ਯੁਵਾ ਮੋਰਚਾ ਵਰਕਰਾਂ ਨੇ ਕਿਹਾ ਕਿ PCS ਪ੍ਰੀਖਿਆ ‘ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਵਿਦਿਆਰਥੀ ਲੰਬੇ ਸਮੇਂ ਤੋਂ ਆਵਾਜ਼ ਉਠਾ ਰਹੇ ਸਨ। ਕੁਝ ਦਿਨ ਪਹਿਲਾਂ ਯੁਵਾ ਮੋਰਚਾ ਨੇ ਵੀ ਇਸ ਮੁੱਦੇ ਨੂੰ ਲੈ ਕੇ ਸੂਬੇ ਭਰ ‘ਚ ਪ੍ਰਦਰਸ਼ਨ ਕੀਤਾ ਸੀ ਅਤੇ ਨਿਰਪੱਖ ਜਾਂਚ ਤੇ ਇਨਸਾਫ਼ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹਾਈ ਕੋਰਟ ਦਾ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤਾਂ ‘ਚ ਇੱਕ ਮਹੱਤਵਪੂਰਨ ਕਦਮ ਹੈ।

 

ਵਰਕਰਾਂ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਰਕਾਰ ਲਈ ਇੱਕ ਹੋਰ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਹੱਕਾਂ ਅਤੇ ਭਵਿੱਖ ਦੀ ਰਾਖੀ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਸਰਕਾਰ ਨੂੰ ਨੌਜਵਾਨਾਂ ਦੀ ਆਵਾਜ਼ ਸੁਣ ਕੇ ਭਰਤੀ ਪ੍ਰਕਿਰਿਆਵਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ‘ਚ ਪਾਰਦਰਸ਼ਤਾ, ਨਿਰਪੱਖਤਾ ਤੇ ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ, ਤਾਂ ਜੋ ਮਿਹਨਤੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਹੋਵੇ।

ਭਾਜਪਾ ਯੁਵਾ ਮੋਰਚਾ ਨੇ ਸਾਫ਼ ਕੀਤਾ ਕਿ ਉਹ ਵਿਦਿਆਰਥੀਆਂ ਦੇ ਅਧਿਕਾਰਾਂ, ਨਿਰਪੱਖ ਭਰਤੀ ਪ੍ਰਕਿਰਿਆ ਅਤੇ ਨੌਜਵਾਨਾਂ ਦੇ ਭਵਿੱਖ ਲਈ ਅੱਗੇ ਵੀ ਸੰਘਰਸ਼ ਜਾਰੀ ਰੱਖੇਗਾ। ਇਸ ਮੌਕੇ ਸੂਬਾ ਯੁਵਾ ਮੋਰਚਾ ਵੱਲੋਂ ਵਿਸ਼ਵ ਗਰੋਵਰ, ਯਜੀਤ ਹੁਰੀਆ ਅਤੇ ਜ਼ਿਲ੍ਹਾ ਯੁਵਾ ਮੋਰਚਾ ਵੱਲੋਂ ਵਰੁਣ ਦੂਬੇ ਸਮੇਤ ਹੋਰ ਵਰਕਰ ਮੌਜੂਦ ਸਨ।