ਪਹਿਲਾ ਸੁਰਜੀਤ 5 ਏ ਸਾਇਡ ਮਹਿਲਾ ਹਾਕੀ ਗੋਲਡ ਕੱਪ ਟੂਰਨਾਮੈਂਟ ਰੇਲ ਕੋਚ ਫੈਕਟਰੀ ਕਪੂਰਥਲਾ, ਹਰਿਆਣਾ ਇਲੈਵਨ, ਉਤਰ ਰੇਲਵੇ ਦਿੱਲੀ ਵਲੋਂ ਜਿੱਤਾਂ ਦਰਜ

 Jalandhar-Prime Punjab

ਰੇਲ ਕੋਚ ਫੈਕਟਰੀ ਕਪੂਰਥਲਾ ਨੇ ਪੰਜਾਬ ਇਲੈਵਨ ਨੂੰ 6-3 ਨਾਲ, ਹਰਿਆਣਾ ਇਲੈਵਨ ਨੇ ਯੂਨੀਅਨ ਬੈਂਕ ਆਫ ਇੰਡੀਆ ਮੁੰਬਈ ਨੂੰ 5-3 ਨਾਲ, ਉਤਰ ਰੇਲਵੇ ਦਿੱਲੀ ਨੇ ਸਾਈ ਸੋਨੀਪਤ ਨੂੰ 4-3 ਨਾਲ, ਸੀਆਰਪੀਐਫ ਦਿੱਲੀ ਨੇ ਸੈਂਟਰਲ ਰੇਲਵੇ ਮੁੰਬਈ ਨੂੰ 5-3 ਨਾਲ, ਰੇਲ ਕੋਚ ਫੈਕਟਰੀ ਕਪੂਰਥਲਾ ਨੇ ਸਾਈ ਸੋਨੀਪਤ ਨੂੰ 5-4 ਨਾਲ ਅਤੇ ਯੂਨੀਅਨ ਬੈਂਕ ਆਫ ਇੰਡੀਆ ਨੇ ਸੀਆਰਪੀਐਫ ਦਿੱਲੀ ਨੂੰ 6-5 ਨਾਲ ਹਰਾ ਕੇ ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਵਿੱਚ ਜੇਤੂ ਸ਼ੁਰੂਆਤ ਕੀਤੀ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸੁਰਜੀਤ ਹਾਕੀ ਸੋਸਾਇਟੀ ਵਲੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦਾ ਉਦਘਾਟਨ ਐਨ ਆਰ ਆਈ, ਉਘੇ ਖੇਡ ਪ੍ਰਮੋਟਰ ਅਤੇ ਟਰਾਂਸਪੋਰਟਰ ਰਣਜੀਤ ਸਿੰਘ ਟੁੱਟ ਨੇ ਕੀਤਾ। ਇਸ ਮੌਕੇ ਤੇ ਸੁਰਜੀਤ ਹਾਕੀ ਸੋਸਾਇਟੀ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਪਹਿਲੇ ਮੈਚ ਵਿੱਚ ਪੂਲ ਏ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪੰਜਾਬ ਇਲੈਵਨ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ। ਉਸ ਤੋਂ ਬਾਅਦ ਰੇਲ ਕੋਚ ਫੈਕਟਰੀ ਨੇ ਇਹ ਮੈਚ 6-3 ਨਾਲ ਜਿੱਤ ਕੇ ਲੀਗ ਦੌਰ ਵਿੱਚ ਤਿੰਨ ਅੰਕ ਹਾਸਲ ਕੀਤੇ। ਆਰ ਸੀਐਫ ਵਲੋਂ ਐਸਵਰਿਆ ਨੇ ਤਿੰਨ ਗੋਲ ਕਰਕੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਕੀਤੀ ਜਦਕਿ ਪੰਜਾਬ ਵਲੋਂ ਸੁਖਵੀਰ ਕੌਰ ਨੇ ਦੋ ਗੋਲ ਕੀਤੇ।

ਦੂਜਾ ਮੈਚ ਪੂਲ ਬੀ ਵਿੱਚ ਹਰਿਆਣਾ ਇਲੈਵਨ ਨੇ ਯੂਨੀਅਨ ਬੈਂਕ ਆਫ ਇੰਡੀਆ ਮੁੰਬਈ ਨੂੰ 5-3 ਨਾਲ ਮਾਤ ਦੇ ਕੇ ਤਿੰਨ ਅੰਕ ਹਾਸਲ ਕੀਤੇ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ਤੇ ਸਨ। ਹਰਿਆਣਾ ਵਲੋਂ ਊਸ਼ਾ ਨੇ ਦੋ ਅਤੇ ਯੂਨੀਅਨ ਬੈਂਕ ਵਲੋਂ ਜੀਵਨ ਕਿਸ਼ੋਰੀ ਨੇ ਦੋ ਗੋਲ ਕੀਤੇ।

ਤੀਜਾ ਮੈਚ ਪੂਲ ਏ ਵਿੱਚ ਉਤਰ ਰੇਲਵੇ ਅਤੇ ਸਾਈ ਸੋਨੀਪਤ ਨੂੰ ਸਖਤ ਮੁਕਾਬਲੇ ਮਗਰੋਂ 4-3 ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ਤੇ ਸਨ। ਉਤਰ ਰੇਲਵੇ ਦੀ ਸ਼ਿਲਪੀ ਦਿਵਾਸ ਨੇ ਦੋ ਅਤੇ ਸਾਈ ਸੋਨੀਪਤ ਦੀ ਕਪਤਾਨ ਡਿੰਪਲ ਨੇ ਦੋ ਗੋਲ ਕੀਤੇ।

ਚੌਥੇ ਮੈਚ ਵਿੱਚ ਪੂਲ ਬੀ ਵਿੱਚ ਸੀਆਰਪੀਐਫ ਦਿੱਲੀ ਨੇ ਸੈਂਟਰਲ ਰੇਲਵੇ ਮੁੰਬਈ ਨੂੰ 5-3 ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਸੀਆਰਪੀਐਫ ਦੀ ਸੁਪਰਿਆ ਮੁੰਡੂ ਨੇ ਟੂਰਨਾਮੈਂਟ ਦੀ ਦੂਜੀ ਹੈਟ੍ਰਿਕ ਕੀਤੀ ਜਦਕਿ ਸੈਂਟਰਲ ਰੇਲਵੇ ਮੁੰਬਈ ਵਲੋਂ ਲਾਲਰੁਤਫੈਲੀ ਨੇ ਦੋ ਗੋਲ ਕੀਤੇ।

ਪੰਜਵੇਂ ਮੈਚ ਵਿੱਚ ਪੂਲ ਏ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਸਾਈ ਸੌਨੀਪਤ ਨੂੰ 5-4 ਨਾਲ ਮਾਤ ਦੇ ਕੇ ਟੂਰਨਾਮੈਂਟ ਵਿਚ ਦੂਜੀ ਜਿੱਤ ਹਾਸਲ ਕਰਦੇ ਹੋਏ ਕੁਲ 6 ਅੰਕ ਆਪਣੇ ਖਾਤੇ ਵਿੱਚ ਜਮ੍ਹਾ ਕਰ ਲਏ। ਰੇਲ ਕੋਚ ਫੈਕਟਰੀ ਵਲੋਂ ਅੰਜਲੀ ਗੌਤਮ ਨੇ ਦੋ ਗੋਲ ਕੀਤੇ ਜਦਕਿ ਸਾਈ ਸੋਨੀਪਤ ਵਲੋਂ ਡਿੰਪਲ ਨੇ ਦੋ ਗੋਲ ਕੀਤੇ। ਸਾਈ ਸੋਨੀਪਤ ਨੇ ਦੋ ਲੀਗ ਮੈਚ ਖੇਡੇ ਅਤੇ ਦੋਨਾਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕੀਤਾ।

ਛੇਵੇਂ ਮੈਚ ਵਿੱਚ ਪੂਲ ਬੀ ਵਿੱਚ ਯੂਨੀਅਨ ਬੈਂਕ ਆਫ ਇੰਡੀਆ ਮੁੰਬਈ ਨੇ ਸੀਆਰਪੀਐਫ ਦਿੱਲੀ ਨੂੰ 6-5 ਦੇ ਫਰਕ ਨਾਲ ਹਰਾ ਕੇ ਲੀਗ ਦੌਰ ਵਿੱਚ ਪਹਿਲੀ ਜਿੱਤ ਦਰਜ ਕੀਤੀ ਅਤੇ ਤਿੰਨ ਅੰਕ ਹਾਸਲ ਕੀਤੇ।

ਟੂਰਨਾਮੈਂਟ ਦੇ ਉਦਘਾਟਨ ਸਮੇਂ ਲਖਵਿੰਦਰ ਪਾਲ ਸਿੰਘ ਖਹਿਰਾ, ਉਲੰਪੀਅਨ ਰਜਿੰਦਰ ਸਿੰਘ, ਰਾਜਬੀਰ ਕੌਰ, ਪ੍ਰਵੀਨ ਗੁਪਤਾ, ਨਰਿੰਦਰਪਾਲ ਸਿੰਘ ਜੱਜ, ਰਣਬੀਰ ਸਿੰਘ ਰਾਣਾ ਟੁੱਟ, ਐਲ ਆਰ ਨਈਅਰ, ਗੌਰਵ ਅਗਰਵਾਲ, ਨੱਥਾ ਸਿੰਘ ਗਾਖਲ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਰਜਿੰਦਰ ਸਿੰਘ ਰਿਟਾਇਰਡ ਐਸ ਐਸ ਪੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।