ਜ਼ਿਲ੍ਹੇ ’ਚ 70 ਫੀਸਦੀ ਤੋਂ ਵੱਧ ਵੋਟਿੰਗ ਦੇ ਟੀਚੇ ਨੂੰ ਹਾਸਲ ਕਰਨ ਲਈ ਵੋਟਰ ਜਾਗਰੂਕਤਾ ਲਈ ਵਪਾਰਕ ਭਾਈਚਾਰੇ ਦੇ ਯਤਨਾਂ ਦੀ ਭਰਪੂਰ ਸ਼ਲਾਘਾ

ਜਲੰਧਰ-Manvir Singh Walia
ਜ਼ਿਲ੍ਹੇ ਵਿੱਚ ਵੋਟਰਾਂ ਨੂੰ ਉਤਸ਼ਾਹਿਤ ਕਰਕੇ ਵੋਟ ਫੀਸਦੀ ਨੂੰ 70 ਤੋਂ ਪਾਰ ਕਰਨ ਲਈ ਸ਼ੁਰੂ ਕੀਤੀ ਗਈ ਨਿਵੇਕਲੀ ਪਹਿਲ ਸਦਕਾ ਜ਼ਿਲ੍ਹੇ ਦੇ ਤਿੰਨ ਪੈਟਰੋਲ ਪੰਪਾਂ ਵਲੋਂ ਲੋਕ ਸਭਾ ਚੋਣਾਂ-2024 ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਭਾਈਵਾਲੀ ਕੀਤੀ ਗਈ ਹੈ, ਜਿਸ ਤਹਿਤ ਵੋਟਾਂ ਵਾਲੇ ਦਿਨ ਤੇਲ ਦੇ ਰੇਟ ਉੱਪਰ ਛੋਟ ਦਾ ਐਲਾਨ ਕੀਤਾ ਗਿਆ ਹੈ ।

ਜ਼ਿਲ੍ਹਾ ਚੋਣ ਅਫ਼ਸਰ ਡਾ.ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਅਮਰ ਹਾਈਵੇਅ ਫਿਲਿੰਗ ਸਟੇਸ਼ਨ ਪਰਾਗਪੁਰ, ਅਮਰ ਹਾਈਵੇ ਫਿਲਿੰਗ ਸਟੇਸ਼ਨ ਕਰਤਾਰਪੁਰ ਅਤੇ ਰੱਖਾ ਫਿਲਿੰਗ ਸਟੇਸ਼ਨ ਸੂਰਾਨੱਸੀ ਵਲੋਂ ਵੋਟਰਾਂ ਨੂੰ ਪਹਿਲੀ ਜੂਨ ਨੂੰ ਵੋਟਾਂ ਵਾਲੇ ਦਿਨ ਵਿਸ਼ੇਸ਼ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਵੋਟਰ ਵੋਟਾਂ ਵਾਲੇ ਦਿਨ ਆਪਣੀ ਉਂਗਲ ’ਤੇ ਵੋਟ ਪਾਉਣ ਤੋਂ ਬਾਅਦ ਛਿਆਹੀ ਲੱਗੀ ਦਿਖਾ ਕੇ ਪੈਟਰੋਲ ਤੇ ਡੀਜ਼ਲ ’ਤੇ ਦੋ ਰੁਪਏ ਪ੍ਰਤੀ ਲੀਟਰ ਅਤੇ 5 ਰੁਪਏ ਐਕਸ ਪੀ.100 ਪੈਟਰੋਲ ’ਤੇ ਛੋਟ ਦਾ ਲਾਭ ਹਾਸਲ ਕਰ ਸਕਦੇ ਹਨ।

ਡਾ.ਅਗਰਵਾਲ ਨੇ ਪੈਟਰੋਲ ਪੰਪ ਮਾਲਕਾਂ ਨਾਲ ਮੀਟਿੰਗ ਦੌਰਾਨ ਉਨਾਂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਇਹ ਸਾਂਝੇਦਾਰੀ ਸਵੀਪ ਮੁਹਿੰਮ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਵੇਗੀ। ਪੈਟਰੋਲ ਪੰਪ ਮਾਲਕਾਂ ਨਾਲ ਵਿਚਾਰ-ਵਟਾਂਦਰੇ ਦੌਰਾਨ ਉਨ੍ਹਾਂ ਦੱਸਿਆ ਕਿ ਸਵੈਇਛੁੱਕ ਤੌਰ ’ਤੇ ਵਪਾਰਕ ਭਾਈਚਾਰੇ ਦੀ ਇਹ ਵੱਡੀ ਪਹਿਲ ਜ਼ਿਲ੍ਹੇ ਵਿੱਚ 70 ਫੀਸਦੀ ਤੋਂ ਵੱਧ ਵੋਟਿੰਗ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੱਖ-ਵੱਖ ਵਪਾਰੀਆਂ ਜਿਵੇਂ ਹੋਟਲਾਂ, ਖੇਡ, ਖਾਣ-ਪੀਣ ਦੀਆਂ ਦੁਕਾਨਾਂ, ਇੰਮੀਗ੍ਰੇਸ਼ਨ ਕੰਸਲਟੈਂਟਸ ਅਤੇ ਆਈਲੈਟਸ ਸੈਂਟਰਾਂ ਵਲੋਂ ਪਹਿਲੀ ਜੂਨ ਨੂੰ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦਿਆਂ ਕਰਦਿਆਂ ਮਹੱਤਵਪੂਰਨ ਛੋਟਾਂ ਦਾ ਐਲਾਨ ਕੀਤਾ ਗਿਆ ਹੈ।