ਧੋਗੜੀ ਫੈਕਟਰੀ ’ਚ ਚੱਲ ਰਹੇ ਸਲਾਟਰ ਹਾਊਸ ਦਾ ਮਾਮਲਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਲੋੜੀਂਦਾ ਸਰਗਨਾ ਮੇਰਠ ਤੋਂ ਕਾਬੂ

 

ਜਲੰਧਰ, 27 ਅਗਸਤ
ਦਿਹਾਤੀ ਪੁਲਿਸ ਨੇ ਇਸ ਸਾਲ 7 ਅਗਸਤ ਨੂੰ ਪਿੰਡ ਧੋਗੜੀ ਵਿਖੇ ਫੜੀ ਗਈ ਗਊ ਸਮੱਗਲਿੰਗ ਫੈਕਟਰੀ ਦੇ ਸਰਗਨਾ ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਕਰੀਬ 20 ਦਿਨਾਂ ਤੋਂ ਫ਼ਰਾਰ ਸੀ।
ਮੁਲਜ਼ਮ ਦੀ ਪਛਾਣ ਮੇਰਠ ਦੇ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਇਮਰਾਨ ਕੁਰੈਸ਼ੀ ਵਜੋਂ ਹੋਈ ਹੈ। ਉਸ ਵੱਲੋਂ ਫੈਕਟਰੀ ਲਈ ਸ਼ਿਵਮ ਰਾਜਪੂਤ ਦੇ ਫਰਜ਼ੀ ਨਾਂ ਨਾਲ ਕਿਰਾਏਨਾਮੇ ‘ਤੇ ਦਸਤਖਤ ਕੀਤੇ ਗਏ ਸਨ।
ਜਾਰੀ ਪ੍ਰੈਸ ਬਿਆਨ ਵਿੱਚ ਦਿਹਾਤੀ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਵੱਲੋਂ 7 ਅਗਸਤ ਨੂੰ ਪਟਿਆਲਾ ਦੇ ਸਤੀਸ਼ ਕੁਮਾਰ ਦੀ ਸ਼ਿਕਾਇਤ ’ਤੇ ਪਿੰਡ ਧੋਗੜੀ ਵਿਖੇ ਇੱਕ ਟੋਕਾ ਫੈਕਟਰੀ ’ਤੇ ਛਾਪਾ ਮਾਰਿਆ ਗਿਆ ਸੀ ਅਤੇ 405 ਪੈਕਟ (20 ਕਿਲੋਗ੍ਰਾਮ ਪ੍ਰਤੀ ਪੈਕਟ) ਕੁੱਲ 8100 ਕਿਲੋ ਬੀਫ਼ ਬਰਾਮਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੇਸਾਂ ਵਿੱਚ ਸ਼ਾਮਲ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਵੱਲੋਂ ਇਲੈਕਟ੍ਰਾਨਿਕ ਕੰਡਾ, ਲਿਫਾਫੇ, ਮੀਟ ਕਟਰ ਚਾਕੂ ਆਦਿ ਵੀ ਜ਼ਬਤ ਕੀਤੇ ਗਏ ਸਨ। ਆਈ.ਪੀ.ਸੀ. ਦੀ ਧਾਰਾ 295-ਏ, 153-ਏ, 428, 429, ਅਤੇ 120-ਬੀ ਅਤੇ ਪੰਜਾਬ ਗਊ ਹੱਤਿਆ ਰੋਕੂ ਐਕਟ 1955 ਦੀ ਧਾਰਾ 5 ਅਤੇ 8 ਤਹਿਤ 7 ਅਗਸਤ ਨੂੰ ਆਦਮਪੁਰ ਪੁਲਿਸ ਸਟੇਸ਼ਨ ਵਿਖੇ ਕੇਸ ਦਰਜ ਕੀਤਾ ਗਿਆ ਸੀ।
ਬੁਲਾਰੇ ਨੇ ਕਿਹਾ ਕਿ ਇਮਰਾਨ ਕੁਰੈਸ਼ੀ ਵੱਲੋਂ ਫਰਜ਼ੀ ਨਾਂ ਨਾਲ ਕਿਰਾਏ ਦਾ ਕਰਾਰ ਕੀਤਾ ਗਿਆ ਸੀ, ਇਸ ਲਈ ਇਸ ਕੇਸ ਵਿੱਚ ਆਈ.ਪੀ.ਸੀ. ਦੀਆਂ ਧਾਰਾਵਾਂ 465, 468 ਅਤੇ 471 ਵੀ ਜੋੜ ਦਿੱਤੀਆਂ ਗਈਆਂ ਹਨ। ਮੁਲਜ਼ਮ ਨੂੰ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਉਸ ਪਾਸੋਂ ਪੂਰੇ ਰੈਕੇਟ ਬਾਰੇ ਪੁੱਛਗਿੱਛ ਕੀਤੀ ਜਾ ਸਕੇ।