Pages

Pages

ਮਾਡਲ ਟਾਊਨ ਨੇੜੇ ਭਿਆਨਕ ਹਾਦਸਾ, 2 ਕਾਰਾਂ ਦੀ ਟੱਕਰ ਤੋਂ ਬਾਅਦ ਕਾਰ ਮਠਿਆਈ ਦੀ ਦੁਕਾਨ ‘ਚ ਵੜੀ – ਮਾਲਕ ਗੰਭੀਰ ਜ਼ਖਮੀ।

ਜਲੰਧਰ, 25 ਅਗਸਤ : Prime Punjab 

ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਨੇੜੇ ਸੋਮਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ। ਦੋ ਕਾਰਾਂ – ਇਨੋਵਾ ਅਤੇ ਕਿਆ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਨੋਵਾ ਕਾਰ ਬੇਕਾਬੂ ਹੋ ਕੇ ਸਿੱਧੀ ਬੀਕਾਨੇਰ ਮਿਸ਼ਠਾਨ ਭੰਡਾਰ ਦੀ ਦੁਕਾਨ ‘ਚ ਜਾ ਵੜੀ। ਇਸ ਦੌਰਾਨ ਦੁਕਾਨ ‘ਤੇ ਖੜ੍ਹੇ ਮਾਲਕ ਅੱਖੀ ਸਿੰਘ ਕਾਰ ਦੀ ਲਪੇਟ ‘ਚ ਆ ਕੇ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

 

ਜ਼ਖਮੀ ਦੀ ਪਤਨੀ ਕਿਰਨ ਅਤੇ ਬੇਟੇ ਪੰਕਜ ਨੇ ਦੱਸਿਆ ਕਿ ਅੱਖੀ ਸਿੰਘ ਸਵੇਰੇ ਦੁਕਾਨ ਦੀ ਬੇਸਮੈਂਟ ਤੋਂ ਬਾਹਰ ਆ ਕੇ ਦੁੱਧ ਉਤਰਵਾ ਰਹੇ ਸਨ। ਉਦੋਂ ਹੀ ਹਾਦਸਾ ਵਾਪਰਿਆ। ਪਰਿਵਾਰ ਦਾ ਦੋਸ਼ ਹੈ ਕਿ ਹਾਦਸੇ ਵਾਲੀ ਇਨੋਵਾ ਕਾਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਡਰਾਈਵਰ ਚਲਾ ਰਿਹਾ ਸੀ। ਕਾਰ ਅੰਦਰੋਂ ਡਰਾਈਵਰ ਦੀ ਵਰਦੀ ਵੀ ਮਿਲੀ ਹੈ ਅਤੇ ਕਾਰ ‘ਤੇ ਟਰੱਸਟ ਦਾ ਝੰਡਾ ਲੱਗਾ ਸੀ ਜੋ ਬਾਅਦ ‘ਚ ਉਤਾਰ ਦਿੱਤਾ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਟਾਇਰ ਫਟ ਗਏ ਅਤੇ ਦੁਕਾਨ ਦਾ ਥੜ੍ਹਾ ਟੁੱਟ ਗਿਆ। ਅੱਖੀ ਸਿੰਘ ਸ਼ੂਗਰ ਦੇ ਮਰੀਜ਼ ਹਨ ਅਤੇ ਉਨ੍ਹਾਂ ਦੀ ਪਸਲੀ ਟੁੱਟ ਗਈ ਹੈ।

 

ਇਸ ਮਾਮਲੇ ‘ਚ ਪੀੜਤ ਪਰਿਵਾਰ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਚੁੱਕੇ ਹਨ। ਪਤਨੀ ਕਿਰਨ ਨੇ ਦੋਸ਼ ਲਾਇਆ ਕਿ ਜਦੋਂ ਉਹ ਸ਼ਿਕਾਇਤ ਦੇਣ ਗਈ ਤਾਂ ਪੁਲਿਸ ਮੁਲਾਜ਼ਮ ਨੇ ਕਿਹਾ “ਤੁਹਾਡਾ ਬੰਦਾ ਤਾਂ ਮਰਿਆ ਨਹੀਂ”। ਔਰਤ ਨੇ ਗੁੱਸੇ ‘ਚ ਕਿਹਾ ਕਿ ਕੀ ਪੁਲਿਸ ਵਾਲੇ ਇਹੀ ਉਮੀਦ ਰੱਖਦੇ ਹਨ? ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਕਹਿ ਰਹੀ ਹੈ ਕਿ ਇਹ ਸਰਕਾਰੀ ਗੱਡੀ ਹੈ, ਕਾਰਵਾਈ ਨਹੀਂ ਹੋਵੇਗੀ। ਜੇ ਇਨਸਾਫ ਨਾ ਮਿਲਿਆ ਤਾਂ ਉਹ ਗੱਡੀ ਨੂੰ ਅੱਗ ਲਗਾ ਦੇਣਗੇ।

 

ਫਿਲਹਾਲ ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬਿਆਨ ਦਰਜ ਕਰਕੇ ਦੋਸ਼ੀ ਡਰਾਈਵਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਾਦਸੇ ਦੀ ਸੂਚਨਾ ਸਬੰਧਤ ਥਾਣੇ ਨੂੰ ਦੇ ਦਿੱਤੀ ਗਈ ਹੈ ਪਰ ਹਾਲੇ ਤੱਕ ਕੋਈ FIR ਦਰਜ ਨਹੀਂ ਹੋਈ।