Pages

Pages

ਪਿੰਜੌਰ ‘ਚ ਦਿਲ ਦਹਿਲਾਉਣ ਵਾਲੀ ਵਾਰਦਾਤ – ਪਤੀ ਨੇ ਬੁਟੀਕ ‘ਚ ਵੜ੍ਹ ਕੇ ਪਤਨੀ ਦਾ ਵੱਢਿਆ ਗਲਾ।

ਪੰਚਕੂਲਾ, 27 ਅਗਸਤ : Prime Punjab 

ਪੰਚਕੂਲਾ ਦੇ ਪਿੰਜੌਰ ‘ਚ ਦਿਨ-ਦਿਹਾੜੇ ਕਤਲ ਦੀ ਖੌਫਨਾਕ ਘਟਨਾ ਸਾਹਮਣੇ ਆਈ ਹੈ। ਰੌਣਕ ਹੋਟਲ ਸਾਹਮਣੇ ਵਾਲੀ ਗਲੀ ‘ਚ ਬੁਟੀਕ ਚਲਾਉਣ ਵਾਲੀ 42 ਸਾਲਾ ਰਾਜਿੰਦਰ ਕੌਰ ਦਾ ਉਸਦੇ ਹੀ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਗਲਾ ਕੱਟ ਦਿੱਤਾ। ਰਾਜਿੰਦਰ ਰਤਪੁਰ ਕਲੋਨੀ ‘ਚ ਕਿਰਾਏ ‘ਤੇ ਰਹਿੰਦੀ ਸੀ ਤੇ ਉਸਦਾ ਪਤੀ ਨਾਲ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ।

 

ਸਭ ਤੋਂ ਵੱਡਾ ਸਬੂਤ ਮ੍ਰਿਤਕਾ ਦੀ ਆਪਣੀ ਡਾਇਰੀ ਬਣੀ। ਜ਼ਖਮੀ ਹਾਲਤ ‘ਚ ਤੜਫਦਿਆਂ ਹੋਇਆਂ ਉਸਨੇ ਡਾਇਰੀ ‘ਚ ਲਿਖਿਆ – “ਮੈਨੂੰ ਮਾਰਨ ਵਾਲਾ ਮੇਰਾ ਪਤੀ ਹੈ, ਪਲੀਜ਼ ਹੈਲਪ। ਸੱਸ ਹੈ ਤੇ ਮੇਰੀ ਨਣਦ ਪ੍ਰੀਤੀ ਤੇ ਨੀਤੂ ਹੈ ਤੇ ਮੇਰਾ ਦਿਓਰ ਹੈ।” CCTV ‘ਚ ਵੀ ਕਾਤਲ ਬੁਟੀਕ ਅੰਦਰ ਜਾਂਦਾ ਤੇ ਬਾਅਦ ‘ਚ ਸ਼ਟਰ ਬੰਦ ਕਰਕੇ ਭੱਜਦਾ ਦਿਖਿਆ, ਜਿਸ ਤੋਂ ਬਾਅਦ ਲਹੂ ਨਾਲ ਲਥਪਥ ਰਾਜਿੰਦਰ ਖੁਦ ਸ਼ਟਰ ਖੋਲ੍ਹ ਕੇ ਬਾਹਰ ਆਈ।

 

ਮੌਕੇ ‘ਤੇ ਮੌਜੂਦ ਰਾਜੂ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਗਲੀ ਦੀਆਂ ਔਰਤਾਂ ਨੇ ਉਸਨੂੰ ਜ਼ਖਮੀ ਔਰਤ ਬਾਰੇ ਦੱਸਿਆ, ਜਿਸ ਤੋਂ ਬਾਅਦ ਮੋਟਰਸਾਈਕਲ ‘ਤੇ ਉਸਨੂੰ ਕਾਲਕਾ ਹਸਪਤਾਲ ਪਹੁੰਚਾਇਆ ਗਿਆ। ਡਾਕਟਰ ਰਾਜੀਵ ਭਾਰਦਵਾਜ ਮੁਤਾਬਕ ਗਲਾ ਬੁਰੀ ਤਰ੍ਹਾਂ ਕੱਟਿਆ ਹੋਣ ਕਾਰਨ ਜ਼ਿਆਦਾ ਖੂਨ ਵਹਿਣ ਨਾਲ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ‘ਚ ਰਖਵਾਇਆ ਗਿਆ ਹੈ।

 

ਇਸ ਮਾਮਲੇ ‘ਚ ਪੰਚਕੂਲਾ ਪੁਲਿਸ ਨੇ ਤੇਜ਼ੀ ਦਿਖਾਉਂਦਿਆਂ ਕ੍ਰਾਈਮ ਬ੍ਰਾਂਚ-3 ਦੇ ਇੰਚਾਰਜ ਤਜਿੰਦਰ ਪਾਲ ਦੀ ਟੀਮ ਨੇ ਸਿਰਫ 2 ਘੰਟਿਆਂ ‘ਚ ਕਾਤਲ ਪਤੀ ਨੂੰ ਕਾਬੂ ਕਰ ਲਿਆ ਤੇ ਹਥਿਆਰ ਵੀ ਬਰਾਮਦ ਕਰ ਲਿਆ। ਥਾਣਾ ਪਿੰਜੌਰ ‘ਚ BNS ਧਾਰਾ 103(1) ਤਹਿਤ ਕੇਸ ਦਰਜ ਹੈ। DCP ਅਮਰਿੰਦਰ ਸਿੰਘ ਤੇ CP ਪੰਕਜ ਨੈਨ ਨੇ ਕਿਹਾ ਕਿ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ ਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।