Pages

Pages

ਪਰਾਲੀ ਸਾੜਨ ‘ਤੇ CM ਮਾਨ ਸਖ਼ਤ – 86% ਕਮੀ ਤੋਂ ਬਾਅਦ ਹੁਣ ਜ਼ੀਰੋ ਬਰਨਿੰਗ ਦਾ ਟੀਚਾ, ਵੱਡੀ ਜਾਗਰੂਕਤਾ ਮੁਹਿੰਮ ਦਾ ਐਲਾਨ।

ਜਲੰਧਰ, 01 ਸਤੰਬਰ : Prime Punjab 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ‘ਚ ਪਰਾਲੀ ਪ੍ਰਬੰਧਨ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੇ ਯਤਨਾਂ ਨਾਲ 2023 ਤੋਂ 2025 ਤੱਕ ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ 86% ਕਮੀ ਆਈ ਹੈ। 2023 ‘ਚ ਜਿੱਥੇ 36,663 ਕੇਸ ਸਨ, ਉਹ 2024 ‘ਚ ਘਟ ਕੇ 10,909 ਅਤੇ 2025 ‘ਚ ਸਿਰਫ 5,114 ਰਹਿ ਗਏ ਹਨ। ਹੁਣ ਸਰਕਾਰ ਦਾ ਟੀਚਾ ਇਸਨੂੰ ਹੋਰ ਘਟਾ ਕੇ ਜ਼ੀਰੋ ਤੱਕ ਲਿਜਾਣਾ ਹੈ।

 

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਾਲ ਪੰਜਾਬ ‘ਚ ਲਗਭਗ 30 ਲੱਖ ਹੈਕਟੇਅਰ ‘ਤੇ ਝੋਨਾ ਲਾਇਆ ਗਿਆ ਹੈ, ਜਿਸ ਤੋਂ 18.81 ਮਿਲੀਅਨ ਟਨ ਪਰਾਲੀ ਨਿਕਲਣ ਦਾ ਅਨੁਮਾਨ ਹੈ। ਇਸ ਵੱਡੀ ਚੁਣੌਤੀ ਨਾਲ ਨਜਿੱਠਣ ਲਈ ਉਨ੍ਹਾਂ ਨੇ ਪਿੰਡ ਅਤੇ ਬਲਾਕ ਪੱਧਰ ਤੱਕ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ, ਤਾਂ ਜੋ ਹਰ ਕਿਸਾਨ ਤੱਕ ਸੁਨੇਹਾ ਪਹੁੰਚੇ।

 

CM ਮਾਨ ਨੇ ਕਿਹਾ ਕਿ ਸਿਰਫ ਸਰਕਾਰੀ ਮਸ਼ੀਨਰੀ ਨਾਲ ਕੰਮ ਨਹੀਂ ਚੱਲੇਗਾ। ਇਸ ਮੁਹਿੰਮ ‘ਚ NGO, ਸਮਾਜ ਸੇਵਕਾਂ, ਪੰਚਾਇਤਾਂ ਅਤੇ ਸਰਪੰਚਾਂ ਨੂੰ ਸਰਗਰਮੀ ਨਾਲ ਜੋੜਿਆ ਜਾਵੇਗਾ। ਪਿੰਡਾਂ ‘ਚ ਮਸ਼ੀਨਰੀ ਦੇ ਡੈਮੋ, ਨੁੱਕੜ ਨਾਟਕ, ਸਹੁੰ ਚੁੱਕ ਸਮਾਗਮ ਕਰਵਾਏ ਜਾਣਗੇ। ਇਸ ਦੇ ਨਾਲ ਹੀ ਰੇਡੀਓ ਜਿੰਗਲ, ਟੀਵੀ, ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀਂ ਵੱਡੀ ਡਿਜੀਟਲ ਮੁਹਿੰਮ ਚਲਾਈ ਜਾਵੇਗੀ।

 

ਮੁੱਖ ਮੰਤਰੀ ਨੇ ਕਿਹਾ ਕਿ ਪਰਾਲੀ ਦੀ ਇਨ-ਸੀਟੂ (ਖੇਤ ‘ਚ ਹੀ) ਅਤੇ ਐਕਸ-ਸੀਟੂ (ਖੇਤ ਤੋਂ ਬਾਹਰ) ਸੰਭਾਲ ਦੋਵਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ। ਜੋ ਕਿਸਾਨ, ਪੰਚਾਇਤਾਂ ਅਤੇ PACS ਸੁਸਾਇਟੀਆਂ ਵਧੀਆ ਕੰਮ ਕਰਨਗੀਆਂ, ਉਨ੍ਹਾਂ ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ‘ਚ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ, ਹਰਦੀਪ ਮੁੰਡੀਆਂ ਅਤੇ ਮੁੱਖ ਸਕੱਤਰ KAP ਸਿਨਹਾ ਸਮੇਤ ਉੱਚ ਅਧਿਕਾਰੀ ਹਾਜ਼ਰ ਸਨ।