Pages

Pages

ਕੋਟਕਪੂਰਾ ‘ਚ ਲੁੱਟ ਦੀ ਵੱਡੀ ਸਾਜ਼ਿਸ਼ ਨਾਕਾਮ, ਪੁਲਿਸ ਨੇ ਹਥਿਆਰਾਂ ਸਮੇਤ 5 ਬਦਮਾਸ਼ ਦਬੋਚੇ।

ਕੋਟਕਪੂਰਾ, 10 ਸਤੰਬਰ : Prime Punjab 

ਫਰੀਦਕੋਟ ਪੁਲਿਸ ਨੇ ਬਦਮਾਸ਼ਾਂ ਦੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ ਹੈ। ਕੋਟਕਪੂਰਾ ਸਿਟੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ 5 ਨੌਜਵਾਨਾਂ ਨੂੰ ਉਸ ਵੇਲੇ ਕਾਬੂ ਕਰ ਲਿਆ ਜਦੋਂ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ।

 

ਪੁਲਿਸ ਨੇ ਦੱਸਿਆ ਕਿ ਏਐਸਆਈ ਗੁਰਜੀਤ ਸਿੰਘ ਦੀ ਟੀਮ ਤਿਕੋਣੀ ਚੌਂਕ ਨੇੜੇ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਮੋਗਾ ਰੋਡ ਦਾਣਾ ਮੰਡੀ ਦੀ ਸੁੰਨਸਾਨ ਥਾਂ ‘ਤੇ ਕੁਝ ਲੋਕ ਹਥਿਆਰਾਂ ਨਾਲ ਇਕੱਠੇ ਹੋਏ ਹਨ। ਟੀਮ ਨੇ ਤੁਰੰਤ ਰੇਡ ਕਰਕੇ ਪੰਜੇ ਜਣਿਆਂ ਨੂੰ ਘੇਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੈਮੂਅਲ ਮਸੀਹ ਉਰਫ ਬਿੱਲਾ, ਗੁਰਤੇਜ ਉਰਫ ਅਰਸ਼, ਗੋਰਾ ਉਰਫ ਗੋਲਡੀ, ਸੁਖਦੇਵ ਉਰਫ ਗਿਆਨੀ ਅਤੇ ਹਰਮਿੰਦਰ ਸਿੰਘ ਵਜੋਂ ਹੋਈ ਹੈ, ਸਾਰੇ ਕੋਟਕਪੂਰਾ ਦੇ ਰਹਿਣ ਵਾਲੇ ਹਨ।

 

ਮੁਲਜ਼ਮਾਂ ਕੋਲੋਂ ਪੁਲਿਸ ਨੇ ਇੱਕ ਕਾਪਾ, ਇੱਕ ਕਿਰਪਾਨ, ਦੋ ਖੰਡੇ ਅਤੇ ਇੱਕ ਗਰਾਰੀ ਵਰਗੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਡੀਐਸਪੀ ਸੰਜੀਵ ਕੁਮਾਰ ਮੁਤਾਬਕ ਇਹ ਕਾਰਵਾਈ ਐਸਐਸਪੀ ਗੁਰਬੰਸ ਸਿੰਘ ਬੈਂਸ ਦੇ ਹੁਕਮਾਂ ‘ਤੇ ਚਲਾਏ ਜਾ ਰਹੇ ਅਪਰਾਧ ਵਿਰੋਧੀ ਅਭਿਆਨ ਦਾ ਹਿੱਸਾ ਸੀ।

 

ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗ੍ਰਿਫਤਾਰ 5 ‘ਚੋਂ 4 ਪਹਿਲਾਂ ਤੋਂ ਹੀ ਅਪਰਾਧਿਕ ਰਿਕਾਰਡ ਵਾਲੇ ਹਨ ਅਤੇ ਉਨ੍ਹਾਂ ‘ਤੇ 6 ਮਾਮਲੇ ਦਰਜ ਹਨ। ਪੁਲਿਸ ਨੇ ਸਾਰਿਆਂ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਕਰ ਲਈ ਹੈ ਅਤੇ ਰਿਮਾਂਡ ਹਾਸਲ ਕਰਕੇ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।