Pages

Pages

ਚੰਡੀਗੜ੍ਹ ‘ਚ ਸਨਸਨੀਖੇਜ਼ ਵਾਰਦਾਤ – ਸੈਕਟਰ-22 ‘ਚ ਹੈੱਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ, ਨਾਬਾਲਗ ਪੁੱਤਰ ਹਿਰਾਸਤ ‘ਚ।

ਚੰਡੀਗੜ੍ਹ, 25 ਸਤੰਬਰ : Prime Punjab 

ਚੰਡੀਗੜ੍ਹ ਦੇ ਸੈਕਟਰ-22 ‘ਚ ਸ਼ੁੱਕਰਵਾਰ ਸਵੇਰੇ ਕਰੀਬ 9 ਵਜੇ ਇੱਕ ਸਨਸਨੀਖੇਜ਼ ਘਟਨਾ ਵਾਪਰੀ। ਇੱਥੇ ਪੰਜਾਬ ਪੁਲਿਸ ਦੇ 42 ਸਾਲਾ ਹੈੱਡ ਕਾਂਸਟੇਬਲ ਨਿਤਿਨ ਦਾ ਆਪਣੇ ਹੀ ਘਰ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਨਿਤਿਨ ਸੈਕਟਰ-9 ਸਥਿਤ ਪੁਲਿਸ ਹੈੱਡਕੁਆਰਟਰ ਦੀ ਅਕਾਊਂਟਸ ਬ੍ਰਾਂਚ ‘ਚ ਤਾਇਨਾਤ ਸੀ। ਗੋਲੀ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਨਿਤਿਨ ਜ਼ਖਮੀ ਹਾਲਤ ‘ਚ ਬੈੱਡ ‘ਤੇ ਪਿਆ ਮਿਲਿਆ, ਜਿਸਨੂੰ ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮੌਕੇ ਤੋਂ ਪੁਲਿਸ ਨੇ ਇੱਕ ਦੇਸੀ ਕੱਟਾ ਵੀ ਬਰਾਮਦ ਕੀਤਾ ਹੈ।

 

ਵਾਰਦਾਤ ਸਮੇਂ ਘਰ ‘ਚ ਸਿਰਫ ਮਾਂ ਅਤੇ ਨਾਬਾਲਗ ਪੁੱਤਰ ਹੀ ਮੌਜੂਦ ਸਨ। ਸ਼ੁਰੂਆਤੀ ਪੁੱਛਗਿੱਛ ‘ਚ 17 ਸਾਲਾ ਪੁੱਤਰ ਨੇ ਪੁਲਿਸ ਨੂੰ ਦੱਸਿਆ ਕਿ ਬਾਹਰੋਂ ਕੋਈ ਵਿਅਕਤੀ ਆਇਆ ਅਤੇ ਉਸਦੇ ਪਿਤਾ ਨੂੰ ਗੋਲੀ ਮਾਰ ਕੇ ਫਰਾਰ ਹੋ ਗਿਆ। ਪਰ ਜਦੋਂ ਪੁਲਿਸ ਨੇ ਦੁਬਾਰਾ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਦੇ ਬਿਆਨਾਂ ‘ਚ ਵਿਰੋਧਾਭਾਸ ਨਜ਼ਰ ਆਇਆ। ਬਿਆਨਾਂ ‘ਤੇ ਸ਼ੱਕ ਹੋਣ ‘ਤੇ ਸੈਕਟਰ-17 ਦੀ ਪੁਲਿਸ ਨੇ ਨਾਬਾਲਗ ਨੂੰ ਹਿਰਾਸਤ ‘ਚ ਲੈ ਲਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਗੋਲੀ ਕਿਸਨੇ ਚਲਾਈ।

 

ਇਸ ਕਤਲ ਦੇ ਪਿੱਛੇ ਇੱਕ ਹੋਰ ਪਹਿਲੂ ਵੀ ਸਾਹਮਣੇ ਆ ਰਿਹਾ ਹੈ। ਪੁਲਿਸ ਅਨੁਸਾਰ ਕੁਝ ਦਿਨ ਪਹਿਲਾਂ ਹੀ ਨਿਤਿਨ ਦੇ ਨਾਬਾਲਗ ਪੁੱਤਰ ਦਾ ਮਨੀਮਾਜਰਾ ‘ਚ ਥਾਰ ਗੱਡੀ ਨਾਲ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਪਿਤਾ ਵੱਲੋਂ ਇਸ ਗੱਲ ‘ਤੇ ਝਿੜਕਣ ਜਾਂ ਪਰਿਵਾਰਕ ਕਲੇਸ਼ ਕਾਰਨ ਇਹ ਘਟਨਾ ਵਾਪਰੀ ਹੈ। ਇਸ ਐਂਗਲ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਪੁਰਾਣੇ ਹਾਦਸੇ ਦਾ ਇਸ ਕਤਲ ਨਾਲ ਕੋਈ ਸਬੰਧ ਹੈ।

 

ਘਟਨਾ ਦੀ ਸੂਚਨਾ ਮਿਲਦਿਆਂ ਹੀ SSP ਕੰਵਰਦੀਪ ਕੌਰ ਅਤੇ ਸੈਕਟਰ-17 ਥਾਣੇ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। SSP ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰਕੇ ਸਾਰੇ ਸਬੂਤ ਇਕੱਠੇ ਕੀਤੇ ਗਏ ਹਨ। ਬਰਾਮਦ ਹੋਏ ਦੇਸੀ ਪਿਸਤੌਲ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨ, ਗੁਆਂਢੀਆਂ ਤੋਂ ਮਿਲੀ ਜਾਣਕਾਰੀ ਅਤੇ ਮੌਕੇ ਤੋਂ ਮਿਲੇ ਸਬੂਤਾਂ ਨੂੰ ਜੋੜ ਕੇ ਕੜੀਆਂ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।