Pages

Pages

ਦੁਸਹਿਰਾ ਗਰਾਊਂਡ ਵੀਡੀਓ ‘ਤੇ ACP ਦਾ ਵੱਡਾ ਬਿਆਨ – 3 ਦਿਨ ਪੁਰਾਣੀ ਹੈ ਵੀਡੀਓ, ਹਫਤੇ ‘ਚ 3 FIR ਅਤੇ 5000 ਨਸ਼ੀਲੀਆਂ ਗੋਲੀਆਂ ਬਰਾਮਦ।

ਜਲੰਧਰ, 26 ਸਤੰਬਰ : Prime Punjab 

ਜਲੰਧਰ ਦੇ ਦੁਸਹਿਰਾ ਗਰਾਊਂਡ ‘ਚ ਨਸ਼ਾ ਕਰਦੇ ਨੌਜਵਾਨਾਂ ਦੀ ਵਾਇਰਲ ਵੀਡੀਓ ‘ਤੇ ACP ਵੈਸਟ ਜਲੰਧਰ ਸ਼੍ਰੀ ਆਤਿਸ਼ ਭਾਟੀਆ PPS ਨੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਵੀਡੀਓ ਕਰੀਬ 3 ਦਿਨ ਪੁਰਾਣੀ ਹੈ, ਜਿਸ ‘ਚ ਕੁਝ ਨੌਜਵਾਨ ਗਰਾਊਂਡ ‘ਚ ਬੈਠ ਕੇ ਨਸ਼ਾ ਕਰਦੇ ਦਿਖਾਈ ਦੇ ਰਹੇ ਹਨ। ਪੁਲਿਸ ਨੇ ਇਸ ਮਾਮਲੇ ਦਾ ਨੋਟਿਸ ਲੈ ਲਿਆ ਹੈ।

 

ACP ਭਾਟੀਆ ਨੇ ਦੱਸਿਆ ਕਿ ਪਿਛਲੇ ਇੱਕ ਹਫਤੇ ‘ਚ ਹੀ ਥਾਣਾ ਡਵੀਜ਼ਨ ਨੰਬਰ 5 ਦੇ ਅਧਿਕਾਰ ਖੇਤਰ ‘ਚ NDPS ਐਕਟ ਤਹਿਤ 3 FIR ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 25 ਨੌਜਵਾਨਾਂ ਨੂੰ OOAT ਕਲੀਨਿਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ‘ਚ ਇਲਾਜ ਅਤੇ ਮੁੜ ਵਸੇਬੇ ਲਈ ਦਾਖਲ ਕਰਵਾਇਆ ਗਿਆ ਹੈ। ਕਮਿਸ਼ਨਰੇਟ ਪੁਲਿਸ ਲਗਾਤਾਰ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸ ਰਹੀ ਹੈ।

 

ਨਸ਼ੇ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਪੁਲਿਸ ਨੇ ਸਥਾਨਕ ਆਗੂਆਂ ਅਤੇ ਲੋਕਾਂ ਦੀ ਮਦਦ ਨਾਲ ਦੁਸਹਿਰਾ ਗਰਾਊਂਡ ‘ਚ ਬਣੇ ਖਾਲੀ ਪਏ ਖੰਡਰ ਅਤੇ ਕਮਰਿਆਂ ਨੂੰ ਬੰਦ ਕਰਵਾ ਦਿੱਤਾ ਹੈ, ਤਾਂ ਜੋ ਉਨ੍ਹਾਂ ਦੀ ਦੁਰਵਰਤੋਂ ਨਾ ਹੋ ਸਕੇ। ਹਾਲ ਹੀ ‘ਚ ਇਸੇ ਇਲਾਕੇ ‘ਚੋਂ 5,000 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਸਨ। ਇਲਾਕੇ ‘ਚ CASO (ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ) ਅਤੇ ਲਗਾਤਾਰ ਗਸ਼ਤ ਵਧਾ ਦਿੱਤੀ ਗਈ ਹੈ।

 

ਕਮਿਸ਼ਨਰੇਟ ਪੁਲਿਸ ਜਲੰਧਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਵੀ ਨਸ਼ਾ ਵੇਚਣ, ਖਰੀਦਣ ਜਾਂ ਪੀਣ ਦੀ ਕੋਈ ਗਤੀਵਿਧੀ ਦਿਖਾਈ ਦੇਵੇ ਤਾਂ ਤੁਰੰਤ 112 ਨੰਬਰ ‘ਤੇ ਸੂਚਨਾ ਦਿਓ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਸਮੇਂ ਸਿਰ ਕਾਰਵਾਈ ਕੀਤੀ ਜਾਵੇਗੀ।