Pages

Pages

ਅਮਿਤ ਸ਼ਾਹ ਦੇ ਜਲੰਧਰ ਦੌਰੇ ਤੋਂ ਪਹਿਲਾਂ ਸਖ਼ਤ ਸੁਰੱਖਿਆ: ਸ਼੍ਰੀ ਦੇਵੀ ਤਲਾਬ ਮੰਦਰ ਸੀਲ, ਬੰਬ ਧਮਕੀ ਨਾਲ ਹਾਈ ਅਲਰਟ, ਐੱਸ.ਆਰ. ਲੱਦੜ ਦਾ ਵੱਡਾ ਬਿਆਨ।

Director : Manvir Singh Walia

Editor : Jatin Kumar Sahota 

ਜਲੰਧਰ, 30 ਸਤੰਬਰ : Prime Punjab 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜਲੰਧਰ ਦੌਰੇ ‘ਤੇ ਹਨ। ਪਰਾਗਪੁਰ ਨੇੜੇ 63 ਏਕੜ ਗਰਾਊਂਡ ‘ਚ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਵੱਡੀ ਰੈਲੀ ਤੋਂ ਪਹਿਲਾਂ ਉਹ ਸਵੇਰੇ ਸ਼੍ਰੀ ਦੇਵੀ ਤਲਾਬ ਮੰਦਰ ‘ਚ ਨਤਮਸਤਕ ਹੋਣਗੇ। ਇਸ ਨੂੰ ਲੈ ਕੇ ਮੰਦਰ ਦੇ ਅੰਦਰ ਅਤੇ ਬਾਹਰ ਸਖ਼ਤ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਆਮ ਸ਼ਰਧਾਲੂਆਂ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਦੁਆਬਾ ਚੌਕ ਤੋਂ ਲੈ ਕੇ ਸ਼੍ਰੀ ਹਨੂੰਮਾਨ ਚੌਕ ਤੱਕ ਪੁਲਿਸ ਫੋਰਸ ਤਾਇਨਾਤ ਹੈ।

ਦੂਜੇ ਪਾਸੇ ਸਵੇਰੇ ਕੈਂਬਰਿਜ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਆਉਣ ਤੋਂ ਬਾਅਦ ਪੂਰੇ ਸ਼ਹਿਰ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਤਸਵੀਰਾਂ ‘ਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਦਿਨ ਵੇਲੇ ਜਿੱਥੇ ਮੰਦਰ ਦੇ ਬਾਹਰ ਭਾਰੀ ਆਵਾਜਾਈ ਰਹਿੰਦੀ ਸੀ, ਉੱਥੇ ਹੁਣ ਸੜਕਾਂ ਸੁੰਨੀਆਂ ਪਈਆਂ ਹਨ। ਬੰਬ ਡਿਸਪੋਜ਼ਲ ਸਕੁਐਡ ਅਤੇ ਖੁਫੀਆ ਏਜੰਸੀਆਂ ਹਰ ਇਨਪੁੱਟ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ।

 

ਇਸ ਦੌਰਾਨ ਭਾਜਪਾ ਐੱਸ.ਸੀ. ਮੋਰਚੇ ਦੇ ਸਾਬਕਾ ਪ੍ਰਧਾਨ ਅਤੇ ਸੇਵਾਮੁਕਤ ਆਈ.ਏ.ਐੱਸ. ਐੱਸ.ਆਰ. ਲੱਦੜ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਮੰਦਰ ‘ਚ ਮੱਥਾ ਟੇਕ ਕੇ ਪੰਜਾਬ ‘ਚੋਂ ਨਸ਼ਾ ਖ਼ਤਮ ਕਰਨ ਦਾ ਪ੍ਰਣ ਲੈਣਗੇ। ਉਨ੍ਹਾਂ ਕਿਹਾ ਕਿ ਜਿਵੇਂ ਗ੍ਰਹਿ ਮੰਤਰੀ ਨੇ ਧਾਰਾ 370 ਹਟਾਈ ਅਤੇ ਰਾਮ ਮੰਦਰ ਬਣਵਾਇਆ, ਉਸੇ ਤਰ੍ਹਾਂ ਪੰਜਾਬ ‘ਚੋਂ ਨਸ਼ੇ ਦਾ ਵੀ ਖਾਤਮਾ ਕਰਨਗੇ। ਸਵਾਲਾਂ ਵਾਲੇ ਬੋਰਡ ਅਤੇ ਧਮਕੀਆਂ ਦਾ ਉਨ੍ਹਾਂ ‘ਤੇ ਕੋਈ ਅਸਰ ਨਹੀਂ ਪਵੇਗਾ।

ਲੱਦੜ ਨੇ ਮੰਨਿਆ ਕਿ ਹਰ ਜ਼ਿਲ੍ਹੇ ‘ਚ ਰਾਜਨੀਤੀ ਅਤੇ ਪੁਲਿਸ ‘ਚ ਕੁਝ ਕਾਲੀਆਂ ਭੇਡਾਂ ਹਨ, ਜਿਨ੍ਹਾਂ ‘ਤੇ ਸ਼ਿਕੰਜਾ ਕੱਸਣਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਵੀ ਪੰਜਾਬ ਦੌਰਾ ਕਰ ਚੁੱਕੇ ਹਨ। ਅੱਜ ਦੀ ਰੈਲੀ ਨੂੰ ਭਾਜਪਾ 2027 ਵਿਧਾਨ ਸਭਾ ਚੋਣਾਂ ਲਈ ਵੱਡੇ ਐਲਾਨ ਵਜੋਂ ਦੇਖ ਰਹੀ ਹੈ, ਜਦਕਿ ਵਿਰੋਧੀ ਧਿਰਾਂ ਗੁਜਰਾਤ ਅਤੇ ਹਰਿਆਣਾ ‘ਚ ਨਸ਼ੇ ਨੂੰ ਲੈ ਕੇ ਭਾਜਪਾ ‘ਤੇ ਸਵਾਲ ਚੁੱਕ ਰਹੀਆਂ ਹਨ।