Pages

Pages

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਰਵਾਈ: 3 ਨਸ਼ਾ-ਹਥਿਆਰ ਤਸਕਰ ਗੈਂਗਾਂ ਦਾ ਪਰਦਾਫਾਸ਼, 5 ਕਾਬੂ, 13 ਪਿਸਤੌਲ ਤੇ 3.2 ਕਿਲੋ ਹੈਰੋਇਨ ਬਰਾਮਦ।

ਅੰਮ੍ਰਿਤਸਰ, 30 ਸਤੰਬਰ : Prime Punjab 

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਅਤੇ ਨਜਾਇਜ਼ ਹਥਿਆਰਾਂ ਖ਼ਿਲਾਫ਼ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕੋ ਦਿਨ 3 ਵੱਖ-ਵੱਖ ਤਸਕਰੀ ਨੈੱਟਵਰਕਾਂ ਨੂੰ ਤੋੜਦਿਆਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 13 ਪਿਸਤੌਲਾਂ, 3.267 ਕਿਲੋ ਹੈਰੋਇਨ ਅਤੇ 22 ਜਿੰਦਾ ਕਾਰਤੂਸ ਬਰਾਮਦ ਹੋਏ ਹਨ।

 

ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਫੜੇ ਗਏ ਮੁਲਜ਼ਮ ਲੰਬੇ ਸਮੇਂ ਤੋਂ ਇਲਾਕੇ ‘ਚ ਨਜਾਇਜ਼ ਹਥਿਆਰ ਅਤੇ ਨਸ਼ੇ ਦੀ ਸਪਲਾਈ ਕਰ ਰਹੇ ਸਨ। ਇਹ ਹਥਿਆਰ ਗੈਂਗਵਾਰ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਲਈ ਸਪਲਾਈ ਕੀਤੇ ਜਾਂਦੇ ਸਨ, ਜਦਕਿ ਹੈਰੋਇਨ ਦੀ ਖੇਪ ਸ਼ਹਿਰ ਦੇ ਨੌਜਵਾਨਾਂ ‘ਚ ਵੇਚੀ ਜਾਂਦੀ ਸੀ।

 

ਪੁਲਿਸ ਨੇ ਇਸ ਸਬੰਧੀ ਥਾਣਾ ਡੀ-ਡਵੀਜ਼ਨ ਅਤੇ ਥਾਣਾ ਛੇਹਰਟਾ ਵਿਖੇ ਵੱਖ-ਵੱਖ FIR ਦਰਜ ਕੀਤੀਆਂ ਹਨ। ਡੀਜੀਪੀ ਪੰਜਾਬ ਨੇ ਜਾਣਕਾਰੀ ਦਿੱਤੀ ਕਿ ਇਸ ਨੈੱਟਵਰਕ ਦੇ ਪਿੱਛੇ ਵਿਦੇਸ਼ ‘ਚ ਬੈਠੇ ਹੈਂਡਲਰਾਂ ਦਾ ਹੱਥ ਹੋਣ ਦਾ ਸ਼ੱਕ ਹੈ, ਜਿਨ੍ਹਾਂ ਦੀ ਪਛਾਣ ਲਈ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲ ਰਹੀ ਹੈ।

 

ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਪਿਛਲੇ ਦਿਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 10 ਕਿਲੋ ਹੈਰੋਇਨ ਅਤੇ AK-47 ਬਰਾਮਦ ਕੀਤੀਆਂ ਸਨ। ਲਗਾਤਾਰ ਹੋ ਰਹੀਆਂ ਇਨ੍ਹਾਂ ਕਾਰਵਾਈਆਂ ਨਾਲ ਸਪੱਸ਼ਟ ਹੈ ਕਿ ਸਰਹੱਦ ਪਾਰੋਂ ਡਰੋਨ ਅਤੇ ਹੋਰ ਜ਼ਰੀਏ ਹਥਿਆਰ-ਨਸ਼ਾ ਤਸਕਰੀ ਦਾ ਨੈਕਸਸ ਸਰਗਰਮ ਹੈ, ਜਿਸਨੂੰ ਤੋੜਨ ਲਈ ਪੰਜਾਬ ਪੁਲਿਸ ਨੇ ਮੁਹਿੰਮ ਤੇਜ਼ ਕਰ ਦਿੱਤੀ ਹੈ।