Pages

Pages

‘ਯੁੱਧ ਨਸ਼ਿਆਂ ਵਿਰੁੱਧ’ – ਜਲੰਧਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ, 15 ਹੌਟਸਪੌਟਸ ‘ਤੇ CASO ਦੌਰਾਨ 40 ਤਸਕਰ ਕਾਬੂ, ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ।

ਜਲੰਧਰ, 04 ਅਕਤੂਬਰ : Prime Punjab 

ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ ਅੱਜ ਜ਼ਿਲ੍ਹੇ ਦੇ 15 ਚਿੰਨ੍ਹਿਤ ਨਸ਼ਾ ਹੌਟਸਪੌਟਸ ‘ਤੇ ਵੱਡਾ CASO ਆਪਰੇਸ਼ਨ ਕੀਤਾ। ਐਸ.ਐਸ.ਪੀ. ਜਲੰਧਰ ਦਿਹਾਤੀ ਸ. ਹਰਵਿੰਦਰ ਸਿੰਘ ਵਿਰਕ ਨੇ ਖੁਦ ਥਾਣਾ ਸਦਰ ਨਕੋਦਰ ਅਧੀਨ ਪਿੰਡ ਸ਼ੰਕਰ ਵਿਖੇ ਪਹੁੰਚ ਕੇ ਆਪਰੇਸ਼ਨ ਦੀ ਨਿਗਰਾਨੀ ਕੀਤੀ। ਉਨ੍ਹਾਂ ਦੇ ਨਾਲ ਐਸ.ਪੀ. ਤਫਤੀਸ਼ ਵਿਨੀਤ ਆਹਲਾਵਤ, IPS ਵੀ ਮੌਜੂਦ ਸਨ। ਜ਼ਿਲ੍ਹੇ ਦੇ ਬਾਕੀ ਇਲਾਕਿਆਂ ‘ਚ ਸਬੰਧਤ DSPs ਤੇ SHOs ਦੀ ਅਗਵਾਈ ‘ਚ ਇਹ ਕਾਰਵਾਈ ਹੋਈ।

ਇਸ ਵਿਸ਼ੇਸ਼ ਮੁਹਿੰਮ ‘ਚ 10 ਗਜ਼ਟਿਡ ਅਫਸਰਾਂ ਤੇ 275 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ। ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਕੁੱਲ 31 FIR ਦਰਜ ਕਰਕੇ NDPS ਐਕਟ ਤਹਿਤ 40 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਤਲਾਸ਼ੀ ਦੌਰਾਨ 10 ਗ੍ਰਾਮ ਹੈਰੋਇਨ, 381 ਨਸ਼ੀਲੀਆਂ ਗੋਲੀਆਂ/ਕੈਪਸੂਲ, 47 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਤੇ 15 ਵਾਹਨ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ 1 ਭਗੌੜੇ (PO) ਤੇ 14 ਵਿਅਕਤੀਆਂ ਖਿਲਾਫ 129 BNSS ਤਹਿਤ ਰੋਕਥਾਮੀ ਕਾਰਵਾਈ ਵੀ ਕੀਤੀ ਗਈ।

ਐਸ.ਐਸ.ਪੀ. ਵਿਰਕ ਨੇ ਦੱਸਿਆ ਕਿ ਪੁਲਿਸ ਸਿਰਫ ਇਨਫੋਰਸਮੈਂਟ ਹੀ ਨਹੀਂ, ਸਗੋਂ ਤਿੰਨ ਪੱਖਾਂ – ਇਨਫੋਰਸਮੈਂਟ, ਜਾਗਰੂਕਤਾ ਤੇ ਪੁਨਰਵਾਸ ‘ਤੇ ਕੰਮ ਕਰ ਰਹੀ ਹੈ। ਆਪਰੇਸ਼ਨ ਦੌਰਾਨ ਨਸ਼ਾ ਕਰਨ ਵਾਲੇ ਕਈ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ‘ਚ ਦਾਖਲ ਕਰਵਾਇਆ ਜਾ ਰਿਹਾ ਹੈ, ਜਦਕਿ ਸ਼ੁਰੂਆਤੀ ਅਵਸਥਾ ਵਾਲਿਆਂ ਦੀ ਕਾਊਂਸਲਿੰਗ ਕਰਕੇ ਇਲਾਜ ਲਈ ਰੈਫਰ ਕੀਤਾ ਜਾ ਰਿਹਾ ਹੈ। ਇਨ੍ਹਾਂ 15 ਹੌਟਸਪੌਟਸ ਨੂੰ 7 ਦਿਨਾਂ ‘ਚ ਨਸ਼ਾ ਮੁਕਤ ਕਰਨ ਦਾ ਵਿਸ਼ੇਸ਼ ਟੀਚਾ ਮਿੱਥਿਆ ਗਿਆ ਹੈ।

SSP ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਸਕੂਲਾਂ ‘ਚ ਜਾਗਰੂਕਤਾ ਸੈਮੀਨਾਰ, ਪਿੰਡਾਂ ‘ਚ ਨੁੱਕੜ ਨਾਟਕ ਤੇ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਸਖਤ ਚੇਤਾਵਨੀ ਦਿੱਤੀ ਕਿ ਨਸ਼ਿਆਂ ਦੀ ਸਪਲਾਈ ‘ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਆਉਣ ਵਾਲੇ ਦਿਨਾਂ ‘ਚ ਵੀ ਅਜਿਹੇ CASO ਆਪਰੇਸ਼ਨ ਜਾਰੀ ਰਹਿਣਗੇ।