Pages

Pages

ਏਸ਼ੀਅਨ ਚੈਂਪੀਅਨਜ਼ ਟਰਾਫੀ: ਜਾਪਾਨ ਦੀ ਹਾਕੀ ਟੀਮ ਮੁਹਾਲੀ ਪੁੱਜੀ, ਏਅਰਪੋਰਟ ‘ਤੇ ਭੰਗੜੇ ਨਾਲ ਨਿੱਘਾ ਸਵਾਗਤ।

ਜਲੰਧਰ, 23 ਅਕਤੂਬਰ : Prime Punjab 

ਪੰਜਾਬ ਦੀ ਧਰਤੀ ਪਹਿਲੀ ਵਾਰ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਗਵਾਹ ਬਣਨ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ *ਏਸ਼ੀਅਨ ਚੈਂਪੀਅਨਜ਼ ਟਰਾਫੀ 27 ਅਕਤੂਬਰ ਤੋਂ 5 ਨਵੰਬਰ* ਤੱਕ ਜਲੰਧਰ ਤੇ ਮੁਹਾਲੀ ‘ਚ ਹੋਣ ਜਾ ਰਹੀ ਹੈ। ਇਸੇ ਲੜੀ ‘ਚ *ਜਾਪਾਨ ਦੀ 18 ਮੈਂਬਰੀ ਪੁਰਸ਼ ਹਾਕੀ ਟੀਮ* ਅੱਜ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਮੁਹਾਲੀ ਵਿਖੇ ਪੁੱਜੀ।

ਏਅਰਪੋਰਟ ‘ਤੇ ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਪਾਨੀ ਟੀਮ ਦਾ ਢੋਲ-ਭੰਗੜੇ ਤੇ ਹਾਰਾਂ ਪਾ ਕੇ ਪੰਜਾਬੀ ਸੱਭਿਆਚਾਰਕ ਅੰਦਾਜ਼ ‘ਚ ਸਵਾਗਤ ਕੀਤਾ ਗਿਆ। ਟੀਮ ‘ਚ ਕਪਤਾਨ ਫੁਜੀਸ਼ਿਮਾ ਰਾਏਕੀ ਸਮੇਤ ਯਾਮਾਦਾ ਸ਼ੋਟਾ, ਤਨਾਕਾ ਸੇਰੇਨ, ਗੋਲਕੀਪਰ ਕੁਰੋਦਾ ਕਿਸ਼ੋ ਤੇ ਕਿਤਾਗਾਵਾ ਤਾਕੁਮੀ ਵਰਗੇ ਦਿੱਗਜ ਖਿਡਾਰੀ ਸ਼ਾਮਲ ਨੇ।

ਇਸ ਵੱਕਾਰੀ ਟੂਰਨਾਮੈਂਟ ‘ਚ ਮੇਜ਼ਬਾਨ ਭਾਰਤ ਤੇ ਜਾਪਾਨ ਤੋਂ ਇਲਾਵਾ ਦੱਖਣੀ ਕੋਰੀਆ, ਚੀਨ, ਮਲੇਸ਼ੀਆ ਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਨੇ। ਟੂਰਨਾਮੈਂਟ ਦੀ ਸ਼ੁਰੂਆਤ *27 ਅਕਤੂਬਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ* ‘ਚ ਹੋਵੇਗੀ, ਜਦਕਿ ਫਾਈਨਲ ਮੁਕਾਬਲਾ *5 ਨਵੰਬਰ ਨੂੰ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ* ‘ਚ ਖੇਡਿਆ ਜਾਵੇਗਾ।

ਪੰਜਾਬ ਸਰਕਾਰ ਨੇ ਸਾਰੀਆਂ ਟੀਮਾਂ ਲਈ ਰਿਹਾਇਸ਼, ਅਭਿਆਸ ਸੈਸ਼ਨ, ਯਾਤਰਾ, ਸੁਰੱਖਿਆ ਤੇ ਵਿਸ਼ਵ ਪੱਧਰੀ ਸਹੂਲਤਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਨੇ। ਹਾਕੀ ਦੇ ਮੱਕੇ ਵਜੋਂ ਜਾਣੇ ਜਾਂਦੇ ਪੰਜਾਬ ‘ਚ ਇਸ ਟੂਰਨਾਮੈਂਟ ਨੂੰ ਲੈ ਕੇ ਖੇਡ ਪ੍ਰੇਮੀਆਂ ‘ਚ ਭਾਰੀ ਉਤਸ਼ਾਹ ਹੈ।