Pages

Pages

ਕਪੂਰਥਲਾ ‘ਚ ਚੈਂਪੀਅਨ ਮੱਝਾ ‘ਰਾਜਾ’ ਰਹੱਸਮਈ ਢੰਗ ਨਾਲ ਲਾਪਤਾ! ਮਾਲਕ ਨੇ ਲਾਇਆ 1 ਲੱਖ ਦਾ ਇਨਾਮ, ਕੀਮਤ 35 ਲੱਖ।

ਕਪੂਰਥਲਾ, 28 ਅਕਤੂਬਰ : Prime Punjab 

ਕਪੂਰਥਲਾ ਦੇ ਕਾਲਾ ਸੰਘਿਆ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਲਾਕੇ ਦਾ ਮਾਣ ਅਤੇ ਪਾਰੰਪਰਕ *ਹਲਟ ਦੌੜਾਂ ਦਾ ਬੇਤਾਜ ਬਾਦਸ਼ਾਹ ਮਸ਼ਹੂਰ 19 ਸਾਲਾ ਨਰ ਮੱਝਾ ‘ਰਾਜਾ’ ਰਹੱਸਮਈ ਤਰੀਕੇ ਨਾਲ ਚੋਰੀ ਹੋ ਗਿਆ ਹੈ।* ਪਿਛਲੇ 10 ਸਾਲਾਂ ਤੋਂ ਅਜੇਤੂ ਰਹੇ ਇਸ ਚੈਂਪੀਅਨ ਦੇ ਲਾਪਤਾ ਹੋਣ ਨਾਲ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ। ਮਾਲਕ *ਕਮਲਜੀਤ ਸਿੰਘ ਨੇ ਉਸਨੂੰ ਲੱਭ ਕੇ ਲਿਆਉਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ* ਦੇਣ ਦਾ ਐਲਾਨ ਕੀਤਾ ਹੈ।

 

ਮਾਲਕ ਨੇ ਦੱਸਿਆ ਕਿ ਉਸਨੇ ਰਾਜੇ ਦਾ ਪਾਲਣ-ਪੋਸ਼ਣ ਬੱਚਿਆਂ ਵਾਂਗ ਕੀਤਾ ਸੀ, ਉਸਨੂੰ ਦੁੱਧ ਤੇ ਦੇਸੀ ਘਿਓ ਖੁਆਇਆ ਜਾਂਦਾ ਸੀ। ਰਾਜਾ ਪੰਜਾਬ ਦੇ ਪਿੰਡਾਂ ‘ਚ ਹੋਣ ਵਾਲੀਆਂ ਹਲਟ ਦੌੜਾਂ ‘ਚ ਪਿਛਲੇ 10 ਸਾਲ ਤੋਂ ਲਗਾਤਾਰ ਜਿੱਤ ਰਿਹਾ ਸੀ। *ਉਸਦੀ ਕੀਮਤ ਕਰੀਬ 35 ਲੱਖ ਰੁਪਏ ਦੱਸੀ ਜਾ ਰਹੀ ਹੈ।* ਉਸਨੇ ਆਪਣੇ ਕਰੀਅਰ ‘ਚ *100 ਤੋਂ ਵੱਧ ਰੇਸਾਂ ਜਿੱਤ ਕੇ ਕਈ ਟਰੈਕਟਰ, ਕਾਰਾਂ, 77 ਮੋਟਰਸਾਈਕਲ ਅਤੇ ਲੱਖਾਂ ਦੇ ਨਕਦ ਇਨਾਮ* ਜਿੱਤੇ ਸਨ।

 

ਇਹ ਵਾਰਦਾਤ ਕਰੀਬ 20 ਦਿਨ ਪਹਿਲਾਂ ਦੀ ਹੈ। ਪਰਿਵਾਰ ਨੇ ਰਾਜੇ ਨੂੰ ਖੇਤ ‘ਚ ਖੂਹ ਕੋਲ ਬੰਨਿਆ ਸੀ, ਪਰ ਸਵੇਰੇ ਉਹ *ਆਪਣੀਆਂ 2 ਹੋਰ ਮਾਦਾ ਮੱਝਾਂ ਸਮੇਤ ਗਾਇਬ* ਸੀ। ਪਰਿਵਾਰ ਦਾ ਕਹਿਣਾ ਹੈ ਕਿ ਰਾਜਾ ਕਿਸੇ ਅਣਜਾਣ ਵਿਅਕਤੀ ਨੂੰ ਨੇੜੇ ਨਹੀਂ ਆਉਣ ਦਿੰਦਾ ਸੀ ਅਤੇ ਹਮਲਾ ਕਰ ਦਿੰਦਾ ਸੀ, ਇਸ ਲਈ ਚੋਰ ਉਸਨੂੰ ਕੁਝ ਖੁਆ ਕੇ ਬਹਿਲਾ-ਫੁਸਲਾ ਕੇ ਲੈ ਗਏ। ਅਗਲੇ ਸਾਲ ਕਾਲਾ ਸੰਘਿਆ ‘ਚ ਹੋਣ ਵਾਲੀ ਦੌੜ ‘ਚ *ਰਾਜੇ ਨੂੰ ਪੱਗ ਬੰਨ੍ਹ ਕੇ ਸਨਮਾਨ ਨਾਲ ਰਿਟਾਇਰ* ਕਰਨ ਦੀ ਯੋਜਨਾ ਸੀ, ਜੋ ਹੁਣ ਅਧੂਰੀ ਰਹਿ ਗਈ।

 

ਪੁਲਿਸ ਜਾਂਚ ‘ਚ ਇੱਕ CCTV ਫੁਟੇਜ ਸਾਹਮਣੇ ਆਈ ਹੈ ਜਿਸ ‘ਚ ਇੱਕ *ਚਿੱਟੀ ਗੱਡੀ ‘ਚ ਤਿੰਨੇ ਪਸ਼ੂਆਂ ਨੂੰ ਲਿਜਾਇਆ ਜਾ ਰਿਹਾ ਹੈ,* ਪਰ ਉਸ ਤੋਂ ਬਾਅਦ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਰਾਜੇ ਦੀਆਂ ਜਿੱਤਾਂ ਦੀਆਂ ਵੀਡੀਓਜ਼ ਅੱਜ ਵੀ ਵਾਇਰਲ ਹੋ ਰਹੀਆਂ ਹਨ ਅਤੇ ਪਿੰਡ ਵਾਲੇ ਉਸਦੀ ਸੁਰੱਖਿਅਤ ਵਾਪਸੀ ਲਈ ਅਰਦਾਸ ਕਰ ਰਹੇ ਹਨ।