Pages

Pages

ਬਿਆਸ ਨੇੜੇ ਜ਼ਮੀਨੀ ਰੰਜਿਸ਼ ‘ਚ ਖੂਨੀ ਝੜਪ – ਡੇਰਾ ਬਿਆਸ ਦੇ ਸੇਵਾਦਾਰ ਦਾ ਕਤਲ, ਇੱਕ ਗੰਭੀਰ।

ਬਿਆਸ, 31 ਅਕਤੂਬਰ : Prime Punjab 

ਅੰਮ੍ਰਿਤਸਰ ਦੇ ਬਾਬਾ ਬਕਾਲਾ ਇਲਾਕੇ ‘ਚ ਅੱਜ ਦੁਪਹਿਰੇ ਗੋਲੀਬਾਰੀ ਨਾਲ ਦਹਿਸ਼ਤ ਫੈਲ ਗਈ। ਪਿੰਡ ਗਾਜੀਵਾਲ ‘ਚ ਡੇਰਾ ਬਿਆਸ ਦੀ ਜ਼ਮੀਨ ‘ਤੇ ਖੇਤੀ ਕਰਨ ਗਏ ਦੋ ਸੇਵਾਦਾਰਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਗਈ। ਇਸ ਹਮਲੇ ‘ਚ ਮਨਜੀਤ ਸਿੰਘ ਨਾਮ ਦੇ ਸੇਵਾਦਾਰ ਦੀ ਜਾਨ ਚਲੀ ਗਈ, ਜਦਕਿ ਦਵਿੰਦਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

 

ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਵਿਵਾਦ 6 ਕਨਾਲ ਜ਼ਮੀਨ ਨੂੰ ਲੈ ਕੇ ਸੀ। ਸਰਵਣ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਜ਼ਮੀਨ ਡੇਰਾ ਬਿਆਸ ਨੂੰ ਵੇਚ ਦਿੱਤੀ ਸੀ, ਪਰ ਉਸਦਾ ਭਰਾ ਯੁੱਧਵੀਰ ਸਿੰਘ ਉਰਫ਼ ਜੋਧਾ ਉਸ ਜ਼ਮੀਨ ‘ਤੇ ਆਪਣਾ ਹੱਕ ਦੱਸ ਰਿਹਾ ਸੀ। ਜਦੋਂ ਸ਼ਨੀਵਾਰ ਨੂੰ ਡੇਰੇ ਦੇ ਸੇਵਾਦਾਰ ਉੱਥੇ ਵਾਹੀ ਕਰਨ ਪਹੁੰਚੇ ਤਾਂ ਯੁੱਧਵੀਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀਆਂ ਚਲਾ ਦਿੱਤੀਆਂ।

 

ਘਟਨਾ ਤੋਂ ਬਾਅਦ ਪੁਲਿਸ ਨੇ ਤੇਜ਼ ਕਾਰਵਾਈ ਕਰਦਿਆਂ 3 ਲੋਕਾਂ ਨੂੰ ਕਾਬੂ ਕਰ ਲਿਆ ਹੈ। ਫੜੇ ਗਏ ਲੋਕਾਂ ‘ਚ ਮੁੱਖ ਮੁਲਜ਼ਮ ਯੁੱਧਵੀਰ ਜੋਧਾ, ਉਸਦੀ ਪਤਨੀ ਅਤੇ ਉਸਦਾ ਪੁੱਤਰ ਸ਼ਾਮਲ ਹੈ। ਪੁਲਿਸ ਨੂੰ ਮੌਕੇ ਤੋਂ ਇੱਕ ਗਲੌਕ ਪਿਸਟਲ ਅਤੇ 12 ਬੋਰ ਦੀ ਬੰਦੂਕ ਵੀ ਮਿਲੀ ਹੈ। ਜ਼ਖਮੀ ਸੇਵਾਦਾਰ ਨੂੰ ਬਾਬਾ ਬਕਾਲਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

 

ਇਸ ਦੌਰਾਨ ਇੱਕ ਹੋਰ ਵੱਡੀ ਘਟਨਾ ਵਾਪਰੀ। SSP ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਜਦੋਂ ਪੁਲਿਸ ਮੁਲਜ਼ਮ ਨੂੰ ਲੈ ਕੇ ਜਾ ਰਹੀ ਸੀ ਤਾਂ ਯੁੱਧਵੀਰ ਨੇ ਪੁਲਿਸ ਮੁਲਾਜ਼ਮ ਨਾਲ ਹੱਥੋਪਾਈ ਕੀਤੀ ਅਤੇ ASI ਜਤਿੰਦਰ ਸਿੰਘ ਦਾ ਪਿਸਟਲ ਖੋਹਣ ਦੀ ਕੋਸ਼ਿਸ਼ ਕੀਤੀ। ਜਵਾਬੀ ਕਾਰਵਾਈ ‘ਚ ਮੁਲਜ਼ਮ ਜ਼ਖਮੀ ਹੋ ਗਿਆ, ਜਿਸਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।