Pages

Pages

ਸੁਨੀਲ ਜਾਖੜ ਦਾ ਮਾਨ ਸਰਕਾਰ ‘ਤੇ ਵਾਰ – ਬੋਲੇ ’11 ਜ਼ਿਲ੍ਹਿਆਂ ‘ਚ ਤਾਲੇ, CM ਸਿਰਫ ਛੱਲਾ ਗਾ ਰਹੇ ਨੇ’।

ਜਲੰਧਰ, 31 ਅਕਤੂਬਰ : Prime Punjab 

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਭਗਵੰਤ ਮਾਨ ਸਰਕਾਰ ‘ਤੇ ਕਿਸਾਨਾਂ ਨੂੰ ਬਰਬਾਦ ਕਰਨ ਦਾ ਗੰਭੀਰ ਦੋਸ਼ ਲਾਇਆ ਹੈ। ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ਕਿਹਾ ਕਿ ਸੂਬੇ ਦਾ ਹਰ ਵਰਗ ਪਰੇਸ਼ਾਨ ਹੈ, ਪਰ ਮੁੱਖ ਮੰਤਰੀ ਹੈਲੀਕਾਪਟਰ ‘ਚ ਘੁੰਮ ਕੇ ਅਤੇ ਸਟੇਜ ‘ਤੇ ਚੁਟਕਲੇ ਤੇ ਛੱਲਾ ਗਾ ਕੇ ਸਮਾਂ ਬਿਤਾ ਰਹੇ ਨੇ।

 

ਜਾਖੜ ਨੇ ਦੱਸਿਆ ਕਿ ਪੰਜਾਬ ਦੇ 11 ਜ਼ਿਲ੍ਹਿਆਂ ‘ਚ ਸਟੇਟ ਐਗਰੀਕਲਚਰ ਡਿਵੈਲਪਮੈਂਟ ਬੈਂਕ (ਲੈਂਡ ਮਾਰਗੇਜ ਬੈਂਕ) ਪਿਛਲੇ 5 ਮਹੀਨਿਆਂ ਤੋਂ ਬੰਦ ਪਏ ਨੇ। ਇਨ੍ਹਾਂ ਨੂੰ ਤਾਲੇ ਲੱਗੇ ਹੋਏ ਨੇ ਅਤੇ ਕਿਸਾਨ-ਕਰਮਚਾਰੀ ਧਰਨੇ ‘ਤੇ ਬੈਠੇ ਨੇ। ਸਰਕਾਰ ਨੇ KCC ਅਤੇ ਕਰਜ਼ਾ ਮਾਫੀ ਤੇ OTS ਲਈ ਵਿਧਾਨ ਸਭਾ ‘ਚ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਸੈਸ਼ਨ ਖਤਮ ਹੋ ਗਿਆ ਤੇ ਕਿਸਾਨਾਂ ਨੂੰ ਕੁਝ ਨਹੀਂ ਮਿਲਿਆ।

 

ਸਹਿਕਾਰੀ ਬੈਂਕਾਂ ਦੇ ਨਵੇਂ ਨਿਯਮਾਂ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ 1 ਲੱਖ ਤੱਕ ਦੇ ਕਰਜ਼ੇ ਲਈ ਸ਼ੇਅਰ ਮਨੀ 3,300 ਤੋਂ ਵਧਾ ਕੇ 6,000 ਰੁਪਏ ਅਤੇ 2 ਲੱਖ ਤੋਂ ਵੱਧ ਦੇ ਕਰਜ਼ੇ ‘ਤੇ 5,000 ਤੋਂ ਵਧਾ ਕੇ 9,000 ਰੁਪਏ ਕਰ ਦਿੱਤੀ ਗਈ ਹੈ। ਹੁਣ ਕਿਸਾਨਾਂ ਨੂੰ ਸੁਸਾਇਟੀ ‘ਚ ਵੀ ਜ਼ਮੀਨ ਗਿਰਵੀ ਰੱਖਣੀ ਪਵੇਗੀ। ਗਲਤ ਨੀਤੀਆਂ ਕਾਰਨ ਬੈਂਕਾਂ ‘ਚ ਪੈਸਾ ਨਹੀਂ ਬਚਿਆ, CRR ਨਿਯਮ ਪੂਰੇ ਨਾ ਹੋਣ ਕਾਰਨ ਕਿਸਾਨਾਂ ਨੂੰ DAP-ਯੂਰੀਆ ਲਈ ਵੀ ਕਰਜ਼ਾ ਨਹੀਂ ਮਿਲ ਰਿਹਾ।

 

ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਕਰੋੜਾਂ ਕਿਸਾਨਾਂ ਦੇ ਖਾਤਿਆਂ ‘ਚ ਸਿੱਧੇ ਪੈਸੇ ਭੇਜ ਰਹੀ ਹੈ, ਜਦਕਿ ਸੂਬਾ ਸਰਕਾਰ ਸਿਰਫ ਕਾਗਜ਼ੀ ਦਾਅਵੇ ਕਰ ਰਹੀ ਹੈ। ਜੇ ਸਮੇਂ ਸਿਰ ਹੱਲ ਨਾ ਕੱਢਿਆ ਗਿਆ ਤਾਂ ਹਾਲਾਤ ਹੋਰ ਖਰਾਬ ਹੋਣਗੇ।