Pages

Pages

ਜਲੰਧਰ ਦੇ ਰਾਮ ਨਗਰ ‘ਚ ਦਹਿਸ਼ਤ, AAP ਆਗੂ ਤੇ ਉਸਦੇ ਪੁੱਤਰ ‘ਤੇ ਦਾਤਰਾਂ ਨਾਲ ਵਾਰ, ਜ਼ਖਮੀ ਹਾਲਤ ‘ਚ ਸਿਵਲ ‘ਚ ਭਰਤੀ।

ਜਲੰਧਰ, 04 ਨਵੰਬਰ : Prime Punjab 

ਜਲੰਧਰ ਦੇ ਰਾਮ ਨਗਰ ਇਲਾਕੇ ਤੋਂ ਕਾਨੂੰਨ ਵਿਵਸਥਾ ‘ਤੇ ਸਵਾਲ ਖੜੇ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਥਾਣਾ ਨੰਬਰ 1 ਦੀ ਹੱਦ ‘ਚ ਪੈਂਦੇ ਇਸ ਇਲਾਕੇ ‘ਚ ਆਮ ਆਦਮੀ ਪਾਰਟੀ ਨਾਲ ਜੁੜੇ ਇੱਕ ਵਿਅਕਤੀ ਅਤੇ ਉਸਦੇ ਲੜਕੇ ਨੂੰ ਘਰੋਂ ਬਾਹਰ ਕੱਢ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ।

 

ਮਿਲੀ ਜਾਣਕਾਰੀ ਮੁਤਾਬਕ ਘਟਨਾ ਦੀ ਸ਼ੁਰੂਆਤ ਘਰ ਬਾਹਰ ਹੋ ਰਹੇ ਰੌਲੇ-ਰੱਪੇ ਤੋਂ ਹੋਈ। ਬਾਹਰ ਨਿਕਲਣ ‘ਤੇ ਪਹਿਲਾਂ ਤੋਂ ਤਿਆਰ ਖੜੇ 15-20 ਮੁੰਡਿਆਂ ਨੇ ਦਾਤਰਾਂ ਤੇ ਹੋਰ ਤਿੱਖੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਪਿਤਾ ਦਾ ਸਿਰ ਫੱਟ ਗਿਆ ਤੇ ਹੱਥਾਂ ‘ਤੇ ਡੂੰਘੇ ਜ਼ਖਮ ਆਏ। ਹਮਲਾਵਰਾਂ ਨੇ ਉੱਥੇ ਖੜੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ।

 

ਪੀੜਤ ਧਿਰ ਨੇ ਵੱਡੇ ਦੋਸ਼ ਲਗਾਉਂਦਿਆਂ ਕਿਹਾ ਕਿ ਹਮਲਾਵਰਾਂ ‘ਚ ਵਿਨੈ, ਗਿੰਨੀ, ਦੀਪੂ, ਜੋਤਾ, ਬੱਲੂ ਸਮੇਤ ਜੱਗੀ ਤੇ ਗਾਂਧੀ ਨਾਮ ਦੇ ਵਿਅਕਤੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਬੇਟੀ ਜਦੋਂ ਰੋਕਣ ਆਈ ਤਾਂ ਉਸ ਨਾਲ ਵੀ ਮਾੜਾ ਵਿਵਹਾਰ ਕੀਤਾ ਗਿਆ। ਸਾਰੀ ਘਟਨਾ ਦਾ ਸਬੂਤ ਨੇੜੇ ਲੱਗਾ CCTV ਹੈ।

 

ਪਰਿਵਾਰ ਨੇ ਦੱਸਿਆ ਕਿ ਮਾਂ ਨੇ ਪੁੱਤ ਦੇ ਉੱਪਰ ਪੈ ਕੇ ਕਿਸੇ ਤਰ੍ਹਾਂ ਉਸਦੀ ਜਾਨ ਬਚਾਈ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਇਸ ਮਾਮਲੇ ਦੀ ਸੂਚਨਾ ਮੇਅਰ ਵਿਨੀਤ ਧੀਰ ਨੂੰ ਵੀ ਦਿੱਤੀ ਗਈ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਰਾਣੇ ਅਪਰਾਧਿਕ ਰਿਕਾਰਡ ਵਾਲੇ ਇਨ੍ਹਾਂ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਲਾਕੇ ‘ਚ ਲੋਕ ਸਹਿਮੇ ਹੋਏ ਹਨ।