ਫਿਰੋਜ਼ਪੁਰ, 05 ਨਵੰਬਰ : Prime Punjab
ਪੰਜਾਬ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਬੁੱਧਵਾਰ ਨੂੰ ਮੋਗਾ ਦੀ ਆਪ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਤੋਂ ਬਾਅਦ ਵੀਰਵਾਰ ਸਵੇਰੇ ED ਦੀ ਟੀਮ ਫਿਰੋਜ਼ਪੁਰ ਦੇ ਜ਼ੀਰਾ ਪਹੁੰਚ ਗਈ, ਜਿੱਥੇ ਸਸਪੈਂਡ ਪਟਵਾਰੀ ਨਵਦੀਪ ਸਿੰਘ ਦੇ ਘਰ ਤਲਾਸ਼ੀ ਲਈ ਗਈ।
ਮੌਕੇ ‘ਤੇ CRPF ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਅਤੇ ਕਿਸੇ ਨੂੰ ਵੀ ਅੰਦਰ-ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਨਵਦੀਪ ਸਿੰਘ ਪਹਿਲਾਂ ਧਰਮਕੋਟ ‘ਚ ਪਟਵਾਰੀ ਸੀ। ਧੋਖਾਧੜੀ ਦੇ ਕੇਸ ‘ਚ ਗ੍ਰਿਫਤਾਰ ਹੋਣ ਤੋਂ ਬਾਅਦ ਮਾਲ ਵਿਭਾਗ ਨੇ ਉਸ ਨੂੰ ਸਸਪੈਂਡ ਕਰ ਦਿੱਤਾ ਸੀ। ਉਹ 7 ਜੁਲਾਈ 2026 ਨੂੰ ਜ਼ਮਾਨਤ ‘ਤੇ ਜੇਲ੍ਹ ‘ਚੋਂ ਬਾਹਰ ਆਇਆ ਸੀ।
ਪੂਰਾ ਮਾਮਲਾ NH-754A ਲਈ ਜ਼ਮੀਨ ਐਕਵਾਇਰ ਕਰਨ ਸਮੇਂ ਹੋਏ ਮੁਆਵਜ਼ਾ ਘੁਟਾਲੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਸਰਕਾਰੀ ਜ਼ਮੀਨ ਨੂੰ ਫਰਜ਼ੀ ਇੰਤਕਾਲ ਰਾਹੀਂ ਨਿੱਜੀ ਦਿਖਾ ਕੇ ਕਰੀਬ 1 ਕਰੋੜ 65 ਹਜ਼ਾਰ ਰੁਪਏ ਦਾ ਮੁਆਵਜ਼ਾ ਲਿਆ ਗਿਆ। ਤਤਕਾਲੀ ਤਹਿਸੀਲਦਾਰ ਦੇ ਜਾਅਲੀ ਦਸਤਖਤਾਂ ਦਾ ਵੀ ਦੋਸ਼ ਹੈ, ਜਿਸ ਦੀ ਪੁਸ਼ਟੀ ਮੋਹਾਲੀ FSL ਰਿਪੋਰਟ ‘ਚ ਹੋਈ ਦੱਸੀ ਜਾ ਰਹੀ ਹੈ।
ਉੱਧਰ ਬੁੱਧਵਾਰ ਨੂੰ ਵਿਧਾਇਕ ਦੇ ਮੋਗਾ ਵਾਲੇ ਘਰ, ਕੈਂਪ ਦਫਤਰ, ਆਈਕਾਨ ਹਾਈਟਸ ਫਲੈਟ, ਲਿਬੜਾ ਪਿੰਡ ਵਾਲੇ ਟਿਕਾਣੇ ਤੇ ਬਾਘਾਪੁਰਾਣਾ ਵਾਲੇ ਹਸਪਤਾਲ ਸਮੇਤ 7 ਥਾਵਾਂ ‘ਤੇ ਛਾਪੇ ਮਾਰੇ ਗਏ ਸਨ। ED ਹੁਣ ਮਨੀ ਟ੍ਰੇਲ ਖੰਗਾਲ ਰਹੀ ਹੈ। ਹਾਲੇ ਤੱਕ ਨਕਦੀ ਜਾਂ ਸੋਨੇ ਦੀ ਬਰਾਮਦਗੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਆਈ। ਦੂਜੇ ਪਾਸੇ ਆਪ ਵਰਕਰਾਂ ਨੇ ਇਸ ਕਾਰਵਾਈ ਨੂੰ ਸਿਆਸੀ ਬਦਲਾ ਦੱਸ ਕੇ ਪ੍ਰਦਰਸ਼ਨ ਕੀਤਾ ਹੈ, ਕਿਉਂਕਿ 2027 ਚੋਣਾਂ ਲਈ ਅਮਨਦੀਪ ਕੌਰ ਨੂੰ ਫਿਰ ਮੋਗਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ।


More Stories
ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।
ਜਲੰਧਰ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਕਰਕੇ ਲਾਸ਼ ਸੁੱਟਣ ਦਾ ਲਾਇਆ ਦੋਸ਼।
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।