Pages

Pages

‘ਗੈਂਗਸਟਰਾਂ ‘ਤੇ ਵਾਰ’ ‘ਚ ਪੰਜਾਬ ਪੁਲਿਸ ਨੂੰ ਵੱਡੀ ਜਿੱਤ! ਅਫਰੀਕਾ ਤੋਂ ਪਹਿਲੀ ਵਾਰ ਡਿਪੋਰਟ ਹੋਇਆ ਗੈਂਗਸਟਰ ਗੁਰਵਿੰਦਰ ਅਫਰੀਦੀ – 30 ਤੋਂ ਵੱਧ ਕੇਸਾਂ ‘ਚ ਸੀ ਲੋੜੀਂਦਾ।

ਜਲੰਧਰ, 09 ਨਵੰਬਰ : Prime Punjab 

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਚੱਲ ਰਹੀ ਮੁਹਿੰਮ ‘ਗੈਂਗਸਟਰਾਂ ‘ਤੇ ਵਾਰ’ ਤਹਿਤ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਤੇ ਕਾਊਂਟਰ ਇੰਟੈਲੀਜੈਂਸ ਦੇ OFTEC ਸੈੱਲ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਭਗੌੜੇ ਗੈਂਗਸਟਰ ਗੁਰਵਿੰਦਰ ਸਿੰਘ ਉਰਫ਼ ਅਫਰੀਦੀ ਨੂੰ ਇਥੋਪੀਆ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਫਰੀਕੀ ਦੇਸ਼ ਤੋਂ ਕਿਸੇ ਭਗੌੜੇ ਦੀ ਇਹ ਪੰਜਾਬ ਪੁਲਿਸ ਦੀ ਪਹਿਲੀ ਡਿਪੋਰਟੇਸ਼ਨ ਹੈ।

 

ਗੁਰਵਿੰਦਰ ਅਫਰੀਦੀ ਡੋਨੀ ਬੱਲ – ਪ੍ਰਭ ਦਾਸੂਵਾਲ ਗੈਂਗ ਦਾ ਮੁੱਖ ਸਰਗਨਾ ਹੈ, ਜਿਸ ‘ਤੇ ਪੰਜਾਬ ਸਰਕਾਰ ਨੇ 5 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਉਹ ਵਿਦੇਸ਼ ‘ਚ ਬੈਠ ਕੇ ਪੰਜਾਬ ‘ਚ ਟਾਰਗੇਟ ਕਿਲਿੰਗ, ਫਿਰੌਤੀ ਲਈ ਫਾਇਰਿੰਗ ਤੇ ਸੰਗਠਿਤ ਅਪਰਾਧ ਚਲਾ ਰਿਹਾ ਸੀ। ਉਹ 30 ਤੋਂ ਵੱਧ ਮਾਮਲਿਆਂ ‘ਚ ਲੋੜੀਂਦਾ ਸੀ, ਜਿਨ੍ਹਾਂ ‘ਚ 5 ਕਤਲ ਸ਼ਾਮਲ ਹਨ – ਸਰਪੰਚ ਰਾਜਵਿੰਦਰ ਉਰਫ਼ ਰਾਜ ਤਲਵੰਡੀ (ਅਕਤੂਬਰ 2024), 12 ਸਾਲਾ ਗੁਰਸੇਵਕ ਸਿੰਘ (ਮਾਰਚ 2025), ਵਿੱਕੀ ਚੁੱਘ (ਮਾਰਚ 2025), ਜਸਵੰਤ ਸਿੰਘ (ਮਈ 2025) ਤੇ ਕਾਂਗਰਸ ਬਲਾਕ ਪ੍ਰਧਾਨ ਗੁਰਮੇਲ ਸਿੰਘ (ਸਤੰਬਰ 2025) ਦਾ ਕਤਲ।

 

ਡੀਜੀਪੀ ਨੇ ਦੱਸਿਆ ਕਿ ਇਹ ਕਾਰਵਾਈ ‘ਆਪਰੇਸ਼ਨ ਸ਼ਾਹਿਦ’ ਤਹਿਤ ਹੋਈ, ਜੋ 10 ਮਹੀਨੇ ਲੰਮਾ ਮਲਟੀ-ਕੌਂਟੀਨੈਂਟਲ ਮੈਨਹੰਟ ਸੀ। ਅਫਰੀਦੀ 31 ਮਾਰਚ 2025 ਨੂੰ ਮੁੰਬਈ ਏਅਰਪੋਰਟ ਤੋਂ ਫਰਜ਼ੀ ਪਾਸਪੋਰਟ ‘ਤੇ UAE ਭੱਜਿਆ ਸੀ, ਜੋ ਉਸਨੇ ਗੋਰਖਪੁਰ ਦੇ ਵਿਅਕਤੀ ਦੇ ਨਾਂ ‘ਤੇ 12 ਫਰਵਰੀ 2025 ਨੂੰ ਲਖਨਊ ਤੋਂ ਬਣਵਾਇਆ ਸੀ। ਉਸ ਤੋਂ ਬਾਅਦ ਉਹ ਇਸਤਾਂਬੁਲ ਰਾਹੀਂ ਮੈਕਸੀਕੋ ਭੱਜਣ ਦੀ ਕੋਸ਼ਿਸ਼ ‘ਚ ਫੜਿਆ ਗਿਆ, ਫਿਰ ਅਪ੍ਰੈਲ 2026 ‘ਚ ਕੀਨੀਆ, ਜੂਨ 2026 ‘ਚ ਅੰਗੋਲਾ ਤੇ ਨਵੰਬਰ 2026 ‘ਚ ਇਥੋਪੀਆ ਪਹੁੰਚਿਆ। ਪੁਲਿਸ ਨੇ ਉਸ ਖਿਲਾਫ਼ ਰੈੱਡ ਕਾਰਨਰ ਨੋਟਿਸ ਤੇ 7 ਇੰਟਰਪੋਲ ਰੈਫਰੈਂਸ ਜਾਰੀ ਕਰਵਾਏ ਸਨ। 6 ਨਵੰਬਰ 2026 ਨੂੰ ਉਸਨੂੰ ਇਥੋਪੀਆ ‘ਚ ਹਿਰਾਸਤ ‘ਚ ਲਿਆ ਗਿਆ।

 

ਪੰਜਾਬ ਪੁਲਿਸ ਨੇ ਉਸਨੂੰ ਨਵੀਂ ਦਿੱਲੀ ਏਅਰਪੋਰਟ ‘ਤੇ ਹਿਰਾਸਤ ‘ਚ ਲੈ ਲਿਆ ਹੈ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਪੰਜਾਬ ਲਿਆਂਦਾ ਜਾ ਰਿਹਾ ਹੈ। ਡੀਜੀਪੀ ਗੌਰਵ ਯਾਦਵ ਨੇ AGTF ਤੇ OFTEC ਟੀਮਾਂ ਦੀ ਸ਼ਲਾਘਾ ਕੀਤੀ ਤੇ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ ਤੇ ਕੇਂਦਰੀ ਏਜੰਸੀਆਂ ਦਾ ਧੰਨਵਾਦ ਕੀਤਾ। ਇਹ ਆਪਰੇਸ਼ਨ IGP OFTEC ਆਸ਼ੀਸ਼ ਚੌਧਰੀ ਦੀ ਦੇਖ-ਰੇਖ ਤੇ SP ਬਿਕਰਮਜੀਤ ਸਿੰਘ ਬਰਾੜ ਦੀ ਕਮਾਨ ਹੇਠ ਚਲਾਇਆ ਗਿਆ।