Pages

Pages

ਅੰਮ੍ਰਿਤਸਰ ‘ਚ 30 ਕਿਲੋ ਹੈਰੋਇਨ ਬਰਾਮਦ; ਦੋ ਨਾਬਾਲਗਾਂ ਸਮੇਤ ਛੇ ਵਿਅਕਤੀ ਗ੍ਰਿਫ਼ਤਾਰ।

Director : Manvir Singh Walia 

Editor : Jatin Kumar Sahota 

ਜਲੰਧਰ, 11 ਜੂਨ : Prime Punjab 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਛੇ ਵਿਅਕਤੀਆਂ, ਜਿਨ੍ਹਾਂ ਵਿੱਚੋਂ ਦੋ ਨਾਬਾਲਗ ਹਨ, ਨੂੰ 30.045 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

 

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੀ ਫਤਿਹ ਸਿੰਘ ਕਲੋਨੀ ਦੇ ਰਹਿਣ ਵਾਲੇ ਗੌਤਮ (24), ਅੰਮ੍ਰਿਤਸਰ ਦੇ ਛੇਹਰਟਾ ਦੇ ਰਹਿਣ ਵਾਲੇ ਕਬੀਰ ਉਰਫ਼ ਕਾਕੂ (22), ਅੰਮ੍ਰਿਤਸਰ ਦੇ ਰਹਿਣ ਵਾਲੇ ਸਮੀਰ ਉਰਫ਼ ਸਭਰਵਾਲ (18), ਅੰਮ੍ਰਿਤਸਰ ਦੀ ਔਰਚਿਡ ਵੈਲੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ਼ ਕੀੜਾ (18) ਵਜੋਂ ਹੋਈ ਹੈ।

 

ਇਸ ਤੋਂ ਇਲਾਵਾ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ। ਗ੍ਰਿਫ਼ਤਾਰ ਮੁਲਜ਼ਮ ਕਬੀਰ ਉਰਫ਼ ਕਾਕੂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜਿਸ ਖ਼ਿਲਾਫ਼ ਥਾਣਾ ਛੇਹਰਟਾ ਵਿਖੇ ਐਨਡੀਪੀਐਸ ਤਹਿਤ ਪਹਿਲਾਂ ਹੀ ਕੇਸ ਦਰਜ ਹੈ। ਨਸ਼ਿਆਂ ਦੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ, ਜਿਸਦੀ ਵਰਤੋਂ ਉਹ ਨਸ਼ਾ ਤਸਕਰੀ ਲਈ ਕਰ ਰਹੇ ਸਨ।

 

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਦੁਬਈ ਅਧਾਰਤ ਤਸਕਰ ਦੇ ਨਿਰਦੇਸ਼ਾਂ ‘ਤੇ ਕੰਮ ਕਰਦਿਆਂ ਉਕਤ ਮੁਲਜ਼ਮ ਨਿਰਧਾਰਤ ਥਾਵਾਂ ਤੋਂ ਖੇਪਾਂ ਪ੍ਰਾਪਤ ਕਰਕੇ ਉਨ੍ਹਾਂ ਨੂੰ ਅੱਗੇ ਪੰਜਾਬ ਭਰ ‘ਚ ਸਪਲਾਈ ਕਰਦੇ ਸਨ। ਪੁਲਿਸ ਟੀਮਾਂ ਨੇ ਮੁਲਜ਼ਮ ਗੌਤਮ ਨੂੰ ਉਸਦੇ ਦੋ ਨਾਬਾਲਗ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ 30.045 ਕਿਲੋ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੌਤਮ ਦੇ ਖੁਲਾਸੇ ‘ਤੇ ਤਿੰਨ ਹੋਰ ਦੋਸ਼ੀਆਂ ਜਿਨ੍ਹਾਂ ਦੀ ਪਛਾਣ ਕਬੀਰ ਉਰਫ਼ ਕਾਕੂ, ਸਮੀਰ ਉਰਫ਼ ਸਭਰਵਾਲ ਅਤੇ ਗੁਰਪ੍ਰੀਤ ਸਿੰਘ ਉਰਫ਼ ਕੀੜਾ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

 

ਇਸ ਸਬੰਧੀ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21-ਸੀ, 25 ਅਤੇ 29 ਤਹਿਤ ਐਫਆਈਆਰ ਨੰਬਰ 122 ਮਿਤੀ 03.06.2026 ਦਰਜ ਹੈ।