Director : Manvir Singh Walia
ਜਲੰਧਰ, 11 ਜੂਨ : Prime Punjab
ਗ਼ੈਰ-ਕਾਨੂੰਨੀ ਖਾਦਾਂ ਦੀ ਵਿਕਰੀ ‘ਤੇ ਨਕੇਲ ਕੱਸਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 140 ਕੁਇੰਟਲ ਗੈਰ-ਕਾਨੂੰਨੀ ਖਾਦਾਂ ਜ਼ਬਤ ਕੀਤੀਆਂ ਹਨ। ਇਸ ਸਬੰਧੀ ਫਰਟੀਲਾਈਜ਼ਰ ਕੰਟਰੋਲ ਆਰਡਰ, 1985 ਅਤੇ ਜ਼ਰੂਰੀ ਵਸਤਾਂ ਐਕਟ, 1955 ਦੀ ਉਲੰਘਣਾ ਦੇ ਦੋਸ਼ ਹੇਠ ਕੰਪਨੀ ਮੈਸਰਜ਼ ਕੇ ਬੀ ਬਾਇਓ-ਆਰਗੈਨਿਕਸ ਪ੍ਰਾਈਵੇਟ ਲਿਮਟਿਡ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਥਰਮਲ ਪੁਲਿਸ ਸਟੇਸ਼ਨ, ਬਠਿੰਡਾ ਵਿਖੇ ਦਰਜ ਐਫਆਈਆਰ ਵਿੱਚ ਮੁਜ਼ੱਫਰ ਨਗਰ (ਯੂਪੀ) ਦੇ ਰਵੀ ਕੁਮਾਰ ਅਤੇ ਮਹਾਰਾਸ਼ਟਰ ਦੇ ਸਾਬਲੇ ਅਸ਼ਾਂਤ ਹਨੂਮੰਤ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਅਧਾਰ ‘ਤੇ ਗਣਪਤੀ ਕੰਪਲੈਕਸ, ਮਲੋਟ ਰੋਡ, ਬਠਿੰਡਾ ਵਿਖੇ ਸਥਿਤ ਇਕ ਗੋਦਾਮ ‘ਤੇ ਛਾਪਾ ਮਾਰਿਆ ਗਿਆ ਸੀ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਛਾਪਾਮਾਰ ਟੀਮ ਨੇ ਪਾਇਆ ਕਿ ਕੰਪਨੀ ਕੋਲ ਖਾਦ ਲਾਇਸੰਸ ਵੀ ਨਹੀਂ ਸੀ ਅਤੇ ਉਹ ਕੀਟਨਾਸ਼ਕਾਂ ਦੇ ਕਾਰੋਬਾਰ ਲਈ ਜਾਰੀ ਲਾਇਸੰਸ ਉੱਤੇ ਗ਼ੈਰਕਾਨੂੰਨੀ ਢੰਗ ਨਾਲ ਖਾਦਾਂ ਵੇਚ ਰਹੀ ਸੀ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ 140 ਕੁਇੰਟਲ ਗੈਰ-ਕਾਨੂੰਨੀ ਖਾਦਾਂ ਸੈਂਕੜੇ ਏਕੜ ਫਸਲ ਨੂੰ ਖਰਾਬ ਕਰ ਸਕਦੀਆਂ ਸਨ ਅਤੇ ਕਿਸਾਨਾਂ ਨੂੰ ਵਿੱਤੀ ਨੁਕਸਾਨ ਪਹੁੰਚਾ ਸਕਦੀਆਂ ਸਨ।
ਸਾਰੇ ਮੁੱਖ ਖੇਤੀਬਾੜੀ ਅਫਸਰਾਂ (ਸੀ.ਏ.ਓਜ਼) ਨੂੰ ਅਚਨਚੇਤ ਚੈਕਿੰਗ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦਿਆਂ, ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ, “ਫਰਟੀਲਾਈਜ਼ਰ ਕੰਟਰੋਲ ਆਰਡਰ ਦੀ ਉਲੰਘਣਾ ਕਰਨਾ ਸਾਡੇ ਕਿਸਾਨ ਭਾਈਚਾਰੇ ਵਿਰੁੱਧ ਅਪਰਾਧ ਹੈ। ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸੂਬੇ ਦੇ ਕਿਸਾਨਾਂ ਨੂੰ ਸਿਰਫ਼ ਲਾਇਸੰਸਸ਼ੁਦਾ ਡੀਲਰਾਂ ਤੋਂ ਪ੍ਰਮਾਣਿਤ ਖਾਦ ਅਤੇ ਬੀਜ ਖਰੀਦਣ ਅਤੇ ਸ਼ੱਕੀ ਵਸਤਾਂ ਸਬੰਧੀ ਰਿਪੋਰਟ ਆਪਣੇ ਨਜ਼ਦੀਕੀ ਖੇਤੀਬਾੜੀ ਦਫ਼ਤਰ ਕੋਲ ਕਰਨ ਦੀ ਅਪੀਲ ਕੀਤੀ।


More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।