Pages

Pages

ਨਕਲੀ ਯੂਰੀਆ ਸਪਲਾਈ ਮਾਮਲੇ ‘ਚ ਮੁੱਖ ਮੰਤਰੀ ਮਾਨ ਦੀ ਵੱਡੀ ਕਾਰਵਾਈ, 7 ਅਧਿਕਾਰੀ ਚਾਰਜਸ਼ੀਟ, 1 ਦਾ ਤਬਾਦਲਾ।

Director : Manvir Singh Walia 

Editor : Jatin Kumar Sahota 

ਜਲੰਧਰ, 28 ਜੂਨ : Prime Punjab 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ ‘ਤੇ ਸਹਿਕਾਰਤਾ ਵਿਭਾਗ ਨੇ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ਸਬਸਿਡੀ ਵਾਲਾ ਨਿੰਮ-ਕੋਟੇਡ ਯੂਰੀਆ ਸਪਲਾਈ ਕਰਨ ਦੇ ਮਾਮਲੇ ‘ਚ 7 ਅਧਿਕਾਰੀਆਂ ਨੂੰ ‘ਮੇਜਰ ਪੈਨਲਟੀ’ ਚਾਰਜਸ਼ੀਟ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਇੱਕ ਸੀਨੀਅਰ ਸਹਾਇਕ ਦਾ ਪ੍ਰਸ਼ਾਸਕੀ ਹਿੱਤ ‘ਚ ਤਬਾਦਲਾ ਵੀ ਕੀਤਾ ਗਿਆ ਹੈ। ਮਾਰਕਫੈੱਡ ਦੇ ਚੀਫ ਮੈਨੇਜਰ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਹੈ।

 

ਸ਼ਿਕਾਇਤ ਮਿਲਣ ‘ਤੇ ਪ੍ਰਸ਼ਾਸਕੀ ਸਕੱਤਰ ਨੇ ਮਾਰਕਫੈੱਡ ਤੇ ਮਿਲਕਫੈੱਡ ਦੇ ਐਮਡੀ ਨੂੰ ਤੱਥ ਖੋਜ ਜਾਂਚ ਦੇ ਆਦੇਸ਼ ਦਿੱਤੇ ਸਨ। ਮਿਲਕਫੈੱਡ ਨੇ ਖੰਨਾ ਕੈਟਲ ਫੀਡ ਪਲਾਂਟ ਦੇ ਜੀਐਮ, ਮੈਨੇਜਰ, ਕੁਆਲਿਟੀ ਇੰਚਾਰਜ ਅਤੇ ਖਰੀਦ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ। ਮਾਰਕਫੈੱਡ ਨੇ ਜੀਐਮ, ਸੀਨੀਅਰ ਅਕਾਊਂਟਸ ਅਫਸਰ ਤੇ ਸੀਨੀਅਰ ਸਹਾਇਕ ਖਿਲਾਫ ਚਾਰਜਸ਼ੀਟ ਕੀਤੀ।

 

ਕਰ ਵਿਭਾਗ ਦੀ ਜਾਂਚ ‘ਚ ਮੈਸਰਜ਼ ਇੰਡੋ ਆਰਗੈਨਿਕ, ਗਿੱਦੜਬਾਹਾ ਅਤੇ ਮੈਸਰਜ਼ ਮਨੀਸ਼ਾ ਟਰੇਡਿੰਗ ਕੰਪਨੀ, ਦਿੱਲੀ ਤੇ ਮੈਸਰਜ਼ ਏ ਐਮ ਕੈਮੀਕਲ, ਸੋਨੀਪਤ ਦੀਆਂ ਗਤੀਵਿਧੀਆਂ ‘ਚ ਬੇਨਿਯਮੀਆਂ ਮਿਲੀਆਂ। ਸ਼ੱਕ ਹੈ ਕਿ ਜੀਐਸਟੀ ਦਸਤਾਵੇਜ਼ਾਂ ‘ਚ ਟੈਕਨੀਕਲ ਯੂਰੀਆ ਦਿਖਾ ਕੇ ਨਿੰਮ-ਕੋਟੇਡ ਯੂਰੀਆ ਸਪਲਾਈ ਕੀਤਾ ਗਿਆ ਅਤੇ ਸਬਸਿਡੀ ਦੀ ਦੁਰਵਰਤੋਂ ਕੀਤੀ ਗਈ। ਮਾਮਲਾ ਸੀਜੀਐਸਟੀ ਦਿੱਲੀ ਤੇ ਪੰਚਕੂਲਾ ਨੂੰ ਭੇਜਿਆ ਗਿਆ ਹੈ।

 

ਇਹ ਘਟਨਾ ਦੁਬਾਰਾ ਨਾ ਵਾਪਰੇ, ਇਸ ਲਈ ਮੁੱਖ ਮੰਤਰੀ ਨੇ ਮਾਰਕਫੈੱਡ ਨੂੰ ਪੰਜਾਬ ‘ਚ ਟੈਕਨੀਕਲ ਗ੍ਰੇਡ ਯੂਰੀਆ ਦੀ ਖਰੀਦ ਲਈ ਨੋਡਲ ਏਜੰਸੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਸਮੱਗਰੀ ਸਿੱਧੀ ਕੇਂਦਰ ਸਰਕਾਰ ਦੀਆਂ ਏਜੰਸੀਆਂ ਤੋਂ ਮੰਗਵਾਈ ਜਾਵੇ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ ਹਨ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।