ਜਲੰਧਰ, 24 ਜੁਲਾਈ : Prime Punjab
ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਵੱਡੇ ਪੱਧਰ ’ਤੇ ਹੋ ਰਹੇ ਘਪਲਿਆਂ ’ਤੇ ਸਖ਼ਤ ਰੁਖ ਅਪਣਾਇਆ ਹੈ। ਜਲੰਧਰ ਦੇ ਨਾਮੀ ਸਰਵੋਦਿਆ ਹਸਪਤਾਲ ਸਮੇਤ ਸੂਬੇ ਦੇ 14 ਵੱਡੇ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਫਰਜ਼ੀ ਮਰੀਜ਼ ਦਿਖਾ ਕੇ ਵੱਧ ਪੇਮੈਂਟ ਕਲੇਮ ਕਰਨ ਦੇ ਦੋਸ਼ ’ਚ ਸਰਵੋਦਿਆ ਹਸਪਤਾਲ ਨੂੰ ਸਰਕਾਰੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ, ਜਦਕਿ ਸਾਰਿਆਂ ’ਤੇ ਮਿਲਾ ਕੇ 78 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਠੋਕਿਆ ਗਿਆ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਰਫ ਸਾਢੇ 6 ਮਹੀਨਿਆਂ ਵਿੱਚ ਹੀ ‘ਮੁੱਖ ਮੰਤਰੀ ਸਿਹਤ ਯੋਜਨਾ’ 5.12 ਲੱਖ ਲੋਕਾਂ ਲਈ ਵਰਦਾਨ ਬਣ ਚੁੱਕੀ ਹੈ। ਇਸ ਤਹਿਤ 914 ਕਰੋੜ ਰੁਪਏ ਦਾ ਕੈਸ਼ਲੈਸ ਮੁਫ਼ਤ ਇਲਾਜ ਦਿੱਤਾ ਜਾ ਚੁੱਕਾ ਹੈ। ਹੁਣ ਤੱਕ 50.3 ਲੱਖ ਤੋਂ ਵੱਧ ਈ-ਸਿਹਤ ਕਾਰਡ ਬਣ ਚੁੱਕੇ ਹਨ ਅਤੇ 868 ਸਰਕਾਰੀ-ਨਿੱਜੀ ਹਸਪਤਾਲ ਇਸ ਨਾਲ ਜੁੜੇ ਹੋਏ ਹਨ।
ਯੋਜਨਾ ਦਾ ਲਾਭ 2.50 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਿਲਿਆ ਹੈ। ਕੁੱਲ 5.12 ਲੱਖ ਇਲਾਜਾਂ ਵਿੱਚੋਂ 1.65 ਲੱਖ ਸਰਜਰੀਆਂ ਹੋਈਆਂ ਹਨ। 733 ਕੈਂਸਰ ਮਰੀਜ਼, ਗੋਡੇ-ਹਿਪ ਬਦਲਵਾਉਣ, ਦਿਲ ਦੇ ਬਾਈਪਾਸ ਅਤੇ ਡਾਇਲਸਿਸ ਵਰਗੇ ਮਹਿੰਗੇ ਇਲਾਜ ਵੀ ਇਸ ਵਿੱਚ ਸ਼ਾਮਲ ਹਨ। ਲੁਧਿਆਣਾ ’ਚ ਸਭ ਤੋਂ ਵੱਧ 5.46 ਲੱਖ ਕਾਰਡ ਜਾਰੀ ਹੋਏ ਹਨ। ਕੁੱਲ ਲਾਭਪਾਤਰੀਆਂ ’ਚ 52% ਔਰਤਾਂ ਅਤੇ 68% ਪੇਂਡੂ ਲੋਕ ਹਨ।
ਡਾ. ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਆਡਿਟ ਸਿਸਟਮ ਮਜ਼ਬੂਤ ਕੀਤਾ ਗਿਆ ਹੈ। ਜਾਂਚ ’ਚ 6 ਮਰੀਜ਼ਾਂ ਦੇ 2.98 ਲੱਖ ਰੁਪਏ ਵਾਪਸ ਕਰਵਾਏ ਗਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਹਸਪਤਾਲ ਕੈਸ਼ਲੈਸ ਇਲਾਜ ਦੌਰਾਨ ਪੈਸੇ ਮੰਗੇ ਜਾਂ ਬਾਹਰੋਂ ਟੈਸਟ ਕਰਵਾਉਣ ਲਈ ਕਹੇ ਤਾਂ ਤੁਰੰਤ 104 ਹੈਲਪਲਾਈਨ ’ਤੇ ਸ਼ਿਕਾਇਤ ਦਰਜ ਕਰਵਾਓ। ਉਨ੍ਹਾਂ ਕੇਂਦਰ ਸਰਕਾਰ ਤੋਂ ਪੀਜੀਆਈ ਚੰਡੀਗੜ੍ਹ ਨੂੰ ਵੀ ਇਸ ਯੋਜਨਾ ਨਾਲ ਜੋੜਨ ਦੀ ਮੰਗ ਕੀਤੀ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।