Pages

Pages

ਜਲੰਧਰ ਪੁਲਿਸ ਕਮਿਸ਼ਨਰੇਟ ਦਾ ‘ਸੰਪਰਕ’ ਪ੍ਰੋਗਰਾਮ: ਲਾਇਲਪੁਰ ਖਾਲਸਾ ਕਾਲਜ ‘ਚ ਨੌਜਵਾਨਾਂ ਨੂੰ ਨਸ਼ਿਆਂ, ਸਾਈਬਰ ਅਪਰਾਧ ਅਤੇ ਕਾਨੂੰਨ ਪ੍ਰਤੀ ਕੀਤਾ ਜਾਗਰੂਕ।

Director : Manvir Singh Walia 

Editor : Jatin Kumar Sahota 

ਜਲੰਧਰ, 06 ਅਗਸਤ 2026 : Prime Punjab 

ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ “

ਸੰਪਰਕ” ਪ੍ਰੋਗਰਾਮ ਤਹਿਤ ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ, ਜਲੰਧਰ ਵਿਖੇ ਇੱਕ ਪ੍ਰਭਾਵਸ਼ਾਲੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੀ ਅਗਵਾਈ ਸ਼੍ਰੀਮਤੀ ਆਕਰਸ਼ੀ ਜੈਨ, IPS, ADCP-1 ਅਤੇ ਸ਼੍ਰੀ ਸੁਖਵਿੰਦਰ ਸਿੰਘ, PPS, ADCP ਹੈੱਡਕੁਆਰਟਰ, ਜਲੰਧਰ ਨੇ ਕੀਤੀ। ਕਾਲਜ ਦੇ ਡਾਇਰੈਕਟਰ ਅਕਾਦਮਿਕ ਅਫੇਅਰਜ਼ ਸ਼੍ਰੀ ਸੁਖਬੀਰ ਸਿੰਘ ਚੱਠਾ ਅਤੇ ਡਾ. ਰਵਿੰਦਰ ਸਿੰਘ ਦਿਓਲ, ਡਾਇਰੈਕਟਰ, ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਇਆ ਗਿਆ।

 

ਮੀਟਿੰਗ ‘ਚ ਕਾਲਜ ਪ੍ਰਬੰਧਕਾਂ, ਅਧਿਆਪਕਾਂ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਸਵਪਨ ਸ਼ਰਮਾ, IPS, ਕਮਿਸ਼ਨਰ ਆਫ਼ ਪੁਲਿਸ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਾਲਜ ਪ੍ਰਬੰਧਕਾਂ ਨੂੰ ਸੰਬੋਧਨ ਕਰਦਿਆਂ ਸਮਾਜ ‘ਚ ਪੁਲਿਸ ਦੀ ਭੂਮਿਕਾ, ਕਾਨੂੰਨ ਦੀ ਪਾਲਣਾ, ਨੌਜਵਾਨਾਂ ਦੀ ਜ਼ਿੰਮੇਵਾਰੀ, ਨਸ਼ਿਆਂ ਦੇ ਮਾੜੇ ਪ੍ਰਭਾਵ, ਸਾਈਬਰ ਅਪਰਾਧਾਂ ਤੋਂ ਬਚਾਅ, ਟ੍ਰੈਫਿਕ ਨਿਯਮਾਂ ਦੀ ਪਾਲਣਾ, ਔਰਤਾਂ ਦੀ ਸੁਰੱਖਿਆ, ਐਮਰਜੈਂਸੀ ਸੇਵਾਵਾਂ ਦੀ ਵਰਤੋਂ ਅਤੇ ਕਮਿਊਨਿਟੀ ਪੁਲਿਸਿੰਗ ਵਰਗੇ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਕਮਿਸ਼ਨਰ ਆਫ਼ ਪੁਲਿਸ ਨੇ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ਼ ਜਾਗਰੂਕ ਹੋਣ ਅਤੇ ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ‘ਚ ਵੱਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਨਸ਼ਿਆਂ ਦੀ ਤਸਕਰੀ, ਵਿਕਰੀ ਜਾਂ ਕਿਸੇ ਹੋਰ ਨਸ਼ਾ-ਸਬੰਧੀ ਗੈਰ-ਕਾਨੂੰਨੀ ਗਤੀਵਿਧੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਪੁਲਿਸ ਦੇ ਡਰੱਗ ਹੈਲਪਲਾਈਨ ਨੰਬਰ *97791-00200* ‘ਤੇ ਜਾਣਕਾਰੀ ਸਾਂਝੀ ਕਰੇ। ਉਨ੍ਹਾਂ ਭਰੋਸਾ ਦਿਵਾਇਆ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ‘ਚ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੀ ਭੂਮਿਕਾ ਨਿਭਾਉਣ, ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਅਤੇ ਨਸ਼ਿਆਂ, ਸਾਈਬਰ ਠੱਗੀਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ। ਪ੍ਰੋਗਰਾਮ ਦੇ ਅੰਤ ‘ਚ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਤਸੱਲੀਬਖਸ਼ ਜਵਾਬ ਵੀ ਦਿੱਤੇ ਗਏ। ਕਾਲਜ ਪ੍ਰਬੰਧਕਾਂ ਨੇ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਭਵਿੱਖ ‘ਚ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੀ ਇੱਛਾ ਪ੍ਰਗਟਾਈ।