ਕਪੂਰਥਲਾ, 22 ਅਗਸਤ : Prime Punjab
ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਹਲਕੇ ਅਧੀਨ ਆਉਂਦੇ NRI ਇਲਾਕੇ ਬੇਗੋਵਾਲ ਦੇ ਪਿੰਡ ਜੱਬੋਵਾਲ ‘ਚੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿੰਡ ਦੇ 25 ਸਾਲਾ ਨੌਜਵਾਨ ਗੁਰਦੀਪ ਸਿੰਘ ਦੀ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਅਤੇ ਇਲਾਕੇ ‘ਚ ਸੋਗ ਦੀ ਲਹਿਰ ਹੈ।
ਮ੍ਰਿਤਕ ਦੇ ਪਿਤਾ ਪਿਆਰਾ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 9 ਸਾਲ ਪਹਿਲਾਂ ਆਪਣੇ ਪੁੱਤਰ ਗੁਰਦੀਪ ਨੂੰ ਚੰਗੇ ਭਵਿੱਖ ਦੀ ਆਸ ‘ਚ ਅਮਰੀਕਾ ਭੇਜਿਆ ਸੀ। ਗੁਰਦੀਪ ਅਮਰੀਕਾ ‘ਚ ਕੱਚਾ ਸੀ ਅਤੇ ਪੱਕਾ ਹੋਣ ਲਈ ਉਸਦਾ ਕੇਸ ਚੱਲ ਰਿਹਾ ਸੀ। ਸ਼ੁਰੂ ‘ਚ ਉਹ ਇੱਕ ਸਟੋਰ ‘ਤੇ ਕੰਮ ਕਰਦਾ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਰਾਤ ਵੇਲੇ ਪਿਜ਼ਾ ਡਿਲੀਵਰੀ ਦਾ ਕੰਮ ਕਰ ਰਿਹਾ ਸੀ।
ਘਟਨਾ ਬੀਤੀ ਰਾਤ ਅਮਰੀਕਾ ਦੇ ਸਮੇਂ ਮੁਤਾਬਕ ਅਤੇ ਭਾਰਤੀ ਸਮੇਂ ਮੁਤਾਬਕ 22 ਅਗਸਤ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਵਾਪਰੀ। ਜਦੋਂ ਗੁਰਦੀਪ ਪਿਜ਼ਾ ਡਿਲੀਵਰ ਕਰਨ ਗਿਆ ਤਾਂ ਕੁਝ ਵਿਅਕਤੀਆਂ ਨੇ ਉਸ ਤੋਂ ਪਿਜ਼ਾ ਲੈ ਲਿਆ ਅਤੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪੈਸੇ ਮੰਗਣ ‘ਤੇ ਹਮਲਾਵਰਾਂ ਨੇ ਉਸ ਦੀ ਛਾਤੀ ‘ਚ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।
ਪਿਆਰਾ ਲਾਲ ਮੁਤਾਬਕ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਅਮਰੀਕਾ ‘ਚ ਹੀ ਰਹਿ ਰਹੇ ਉਨ੍ਹਾਂ ਦੇ ਭਤੀਜੇ ਨੇ ਫੋਨ ‘ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਅਮਰੀਕੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਮਰੀਕਾ ‘ਚ ਰਾਤ ਹੋਣ ਕਾਰਨ ਉਨ੍ਹਾਂ ਦੇ ਜਾਣਕਾਰ ਸਵੇਰੇ ਮੌਕੇ ‘ਤੇ ਪਹੁੰਚਣਗੇ।
ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਸ ਦਾ ਅੰਤਿਮ ਸਸਕਾਰ ਜੱਦੀ ਪਿੰਡ ‘ਚ ਕੀਤਾ ਜਾ ਸਕੇ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।