Pages

Pages

ਚੰਡੀਗੜ੍ਹ ‘ਚ ਵੱਡਾ ਅੱਤਵਾਦੀ ਹਮਲਾ ਨਾਕਾਮ – ਸੈਕਟਰ 43 ਤੋਂ IED ਸਮੇਤ 3 BKI ਅੱਤਵਾਦੀ ਕਾਬੂ, ਪਾਕਿਸਤਾਨ ਤੋਂ ਆਇਆ ਸੀ ਵਿਸਫੋਟਕ।

ਚੰਡੀਗੜ੍ਹ, 25 ਅਗਸਤ : Prime Punjab 

ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਸੈਕਟਰ-43 ਬੱਸ ਸਟੈਂਡ ਪਿੱਛੇ ਵੱਡੀ ਕਾਰਵਾਈ ਕਰਦਿਆਂ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ 3 ਅੱਤਵਾਦੀਆਂ ਨੂੰ 6 ਕਿਲੋ IED ਵਿਸਫੋਟਕ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਤਰਨਤਾਰਨ ਦੇ ਲਵਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਅੰਮ੍ਰਿਤਸਰ ਦੇ ਤਰਸਿੱਕਾ ਵਾਸੀ ਪ੍ਰਭਜੀਤ ਸਿੰਘ ਵਜੋਂ ਹੋਈ ਹੈ। ਲਵਪ੍ਰੀਤ ਅਤੇ ਜਸ਼ਨਪ੍ਰੀਤ ਆਪਸ ‘ਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ।

 

ਪੁਲਿਸ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਤਿੰਨੋਂ ਮੁਲਜ਼ਮ ਭੀੜ-ਭੜੱਕੇ ਵਾਲੀ ਜਗ੍ਹਾ ‘ਤੇ ਧਮਾਕਾ ਕਰਨ ਦੀ ਤਿਆਰੀ ‘ਚ ਸਨ। ਉਨ੍ਹਾਂ ਨੂੰ ਵਿਦੇਸ਼ ‘ਚ ਬੈਠੇ BKI ਹੈਂਡਲਰਾਂ ਨੇ ਹੁਕਮ ਦਿੱਤਾ ਸੀ ਕਿ ਚੰਡੀਗੜ੍ਹ ‘ਚ ਸਭ ਤੋਂ ਵੱਧ ਭੀੜ ਵਾਲੀ ਥਾਂ ਦੀਆਂ ਫੋਟੋਆਂ-ਵੀਡੀਓ ਭੇਜਣ ਅਤੇ ਉੱਥੇ IED ਲਗਾਉਣ। ਇਹ ਸਾਰਾ ਵਿਸਫੋਟਕ ਸਮਾਨ, ਜਿਸ ‘ਚ ਜਿਲੇਟਿਨ ਰਾਡਾਂ, ਡੈਟੋਨੇਟਰ, ਰਿਮੋਟ ਸਿਸਟਮ, ਪਿਸਤੌਲ ਅਤੇ ਕਾਰਤੂਸ ਸ਼ਾਮਲ ਹਨ, ਪਾਕਿਸਤਾਨ ‘ਚ ਬੈਠੇ ਅੱਤਵਾਦੀ ਸਤਨਾਮ ਸੱਤਾ ਉਰਫ ਨੌਸ਼ੇਰਾ ਨੇ ਡਰੋਨ ਰਾਹੀਂ ਅੰਮ੍ਰਿਤਸਰ ਭੇਜਿਆ ਸੀ।

 

ਪੁਲਿਸ ਮੁਤਾਬਕ ਤਰਨਤਾਰਨ ਦਾ ਲਵਪ੍ਰੀਤ ਜੋ ਪੇਂਟਰ ਦਾ ਕੰਮ ਕਰਦਾ ਸੀ, ਇਸ ਮਾਡਿਊਲ ਦੀ ਮੁੱਖ ਕੜੀ ਸੀ। ਉਸਨੇ ਹੀ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ‘ਚ ਬੈਠੇ ਹੈਂਡਲਰਾਂ ਆਸ਼ੂ ਅਤੇ ਸੱਤਾ ਨਾਲ ਸੰਪਰਕ ਬਣਾਇਆ ਸੀ। ਉਸ ‘ਤੇ ਪਹਿਲਾਂ ਤੋਂ ਹੀ NDPS ਐਕਟ ਤਹਿਤ ਮਾਮਲਾ ਦਰਜ ਹੈ। ਪੁਲਿਸ ਨੂੰ 22 ਅਗਸਤ ਨੂੰ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਸੈਕਟਰ 42/43 ‘ਚ ਵਿਸਫੋਟਕ ਸਮੱਗਰੀ ਨਾਲ ਘੁੰਮ ਰਹੇ ਹਨ, ਜਿਸ ਤੋਂ ਬਾਅਦ 23 ਅਗਸਤ ਨੂੰ ਉਨ੍ਹਾਂ ਨੂੰ ਟਰੈਪ ਲਗਾ ਕੇ ਫੜਿਆ ਗਿਆ।

 

ਤਿੰਨਾਂ ਮੁਲਜ਼ਮਾਂ ਨੂੰ ਸਖਤ ਸੁਰੱਖਿਆ ‘ਚ ਜ਼ਿਲ੍ਹਾ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਨੇ 6 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ, ਜਿੱਥੇ ਅਦਾਲਤ ਨੇ 5 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਪੁਲਿਸ ਹੁਣ ਇਸ ਮਾਡਿਊਲ ਦੇ ਹੋਰ ਮੈਂਬਰਾਂ ਅਤੇ ਚੰਡੀਗੜ੍ਹ ‘ਚ ਉਨ੍ਹਾਂ ਦੇ ਨੈੱਟਵਰਕ ਦਾ ਪਤਾ ਲਗਾਉਣ ‘ਚ ਜੁੱਟ ਗਈ ਹੈ।