ਜਲੰਧਰ, 02 ਸਤੰਬਰ : Prime Punjab
ਪੰਜਾਬ ਨੇ ਮਨੁੱਖਤਾ ਅਤੇ ਤਕਨੀਕ ਦੇ ਖੇਤਰ ਵਿੱਚ ਵੱਡੀ ਪਹਿਲ ਕਰਦਿਆਂ ਦੇਸ਼ ਭਰ ਵਿੱਚ ਇਤਿਹਾਸ ਰਚ ਦਿੱਤਾ ਹੈ। ਸੂਬਾ ਅਣਪਛਾਤੀਆਂ ਅਤੇ ਲਾਵਾਰਿਸ ਲਾਸ਼ਾਂ ਦੀ ਡਿਜੀਟਲ ਸ਼ਨਾਖਤ ਲਈ ‘ਪਹਿਚਾਣ’ ਨਾਂ ਦਾ ਸੂਬਾ ਪੱਧਰੀ ਪੋਰਟਲ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਚੰਡੀਗੜ੍ਹ ਵਿਖੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਸ ਪੋਰਟਲ ਨੂੰ ਰਸਮੀ ਤੌਰ ‘ਤੇ ਲਾਂਚ ਕੀਤਾ।
ਇਸ ਪੋਰਟਲ ਤਹਿਤ ਸੂਬੇ ਦੇ ਕਿਸੇ ਵੀ ਸਰਕਾਰੀ ਮੁਰਦਾਘਰ ਵਿੱਚ ਲਿਆਂਦੀ ਗਈ ਅਣਪਛਾਤੀ ਲਾਸ਼ ਦੀ ਪੋਸਟਮਾਰਟਮ ਤੋਂ 48 ਘੰਟੇ ਦੇ ਅੰਦਰ-ਅੰਦਰ ਫੋਟੋ, ਟੈਟੂ, ਜਨਮ ਨਿਸ਼ਾਨ ਅਤੇ ਪੂਰਾ ਹੁਲੀਆ ਅਪਲੋਡ ਕੀਤਾ ਜਾਵੇਗਾ। ਇਹ ਪੋਰਟਲ ਸਿਹਤ ਵਿਭਾਗ ਦੀ ਵੈੱਬਸਾਈਟ ‘ਤੇ ਮੁਫਤ ਉਪਲਬਧ ਹੋਵੇਗਾ। ਦੇਸ਼-ਵਿਦੇਸ਼ ਵਿੱਚ ਬੈਠਾ ਕੋਈ ਵੀ ਪਰਿਵਾਰ ਆਪਣੇ ਗੁੰਮਸ਼ੁਦਾ ਵਿਅਕਤੀ ਦੀ ਭਾਲ ਕਰ ਸਕੇਗਾ ਅਤੇ ਆਨਲਾਈਨ ਦਾਅਵਾ ਕਰ ਸਕੇਗਾ, ਜਿਸ ਦੀ ਸੂਚਨਾ ਸਿੱਧੀ ਜਾਂਚ ਅਧਿਕਾਰੀ ਨੂੰ ਜਾਵੇਗੀ।
ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਰਫ ਪੰਜਾਬ ਵਿੱਚ ਹਰ ਸਾਲ 5 ਤੋਂ 6 ਹਜ਼ਾਰ ਲੋਕ ਲਾਵਾਰਿਸ ਹਾਲਤ ਵਿੱਚ ਦਮ ਤੋੜ ਦਿੰਦੇ ਹਨ। ਉਹ ਕਿਸੇ ਦੇ ਪੁੱਤਰ, ਧੀ ਜਾਂ ਮਾਤਾ-ਪਿਤਾ ਹੁੰਦੇ ਹਨ। ਉਨ੍ਹਾਂ ਕਿਹਾ, “ਜਿਉਂਦੇ ਵਿਅਕਤੀਆਂ ਦੀ ਸਿਹਤ ਸੰਭਾਲ ਵਾਂਗ ਮ੍ਰਿਤਕਾਂ ਦਾ ਸਨਮਾਨ ਵੀ ਸਾਡੀ ਜ਼ਿੰਮੇਵਾਰੀ ਹੈ। ਕਿਸੇ ਵੀ ਗਰੀਬ ਜਾਂ ਪ੍ਰਵਾਸੀ ਨੂੰ ਲਾਵਾਰਿਸ ਨਹੀਂ ਛੱਡਿਆ ਜਾ ਸਕਦਾ।”
ਇਹ ਪੋਰਟਲ NIC ਵੱਲੋਂ ਤਿਆਰ ਕੀਤੇ ‘ਮੈਡਲੀਪਰ’ ਸਾਫਟਵੇਅਰ ‘ਤੇ ਬਣਿਆ ਹੈ, ਜੋ ਪੰਜਾਬ ਦੇ 23 ਜ਼ਿਲ੍ਹਿਆਂ ਦੇ 346 ਹਸਪਤਾਲਾਂ ਵਿੱਚ ਚੱਲ ਰਿਹਾ ਹੈ ਅਤੇ ਇਸ ‘ਤੇ 12 ਲੱਖ ਤੋਂ ਵੱਧ ਕੇਸ ਦਰਜ ਹਨ। ਇਹ ਪੁਲਿਸ ਦੇ CCTNS ਸਿਸਟਮ ਨਾਲ ਵੀ ਜੁੜਿਆ ਹੋਇਆ ਹੈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।