ਪਟਿਆਲਾ, 9 ਸਤੰਬਰ : Prime Punjab
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਭਰ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਹੋਰ ਭ੍ਰਿਸ਼ਟ ਅਧਿਕਾਰੀ ਨੂੰ ਕਾਬੂ ਕੀਤਾ ਗਿਆ ਹੈ। ਬੀ.ਡੀ.ਪੀ.ਓ. ਦਫ਼ਤਰ ਭੂਨਰਹੇੜੀ, ਜ਼ਿਲ੍ਹਾ ਪਟਿਆਲਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਗੁਰਜੰਟ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਭਟੀਆਂ, ਜ਼ਿਲ੍ਹਾ ਪਟਿਆਲਾ ਦੇ ਇੱਕ ਨਿਵਾਸੀ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਪਿੰਡ ਦੀ ਧਰਮਸ਼ਾਲਾ ਅਤੇ ਕਮਿਊਨਿਟੀ ਹਾਲ ਦੀ ਮੁਰੰਮਤ ਅਤੇ ਨਵੀਂ ਉਸਾਰੀ ਲਈ ਮਤੇ ਪਾਸ ਕੀਤੇ ਸਨ। ਇਨ੍ਹਾਂ ਮਤਿਆਂ ਨੂੰ ਅੱਗੇ ਭੇਜਣ ਅਤੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਬਦਲੇ ਪੰਚਾਇਤ ਸਕੱਤਰ ਗੁਰਜੰਟ ਸਿੰਘ ਨੇ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਮੁਲਜ਼ਮ ਨੇ ਇਹ ਵੀ ਕਿਹਾ ਕਿ ਇਸ ਰਕਮ ਵਿੱਚੋਂ ਕੁਝ ਹਿੱਸਾ ਪੰਚਾਂ ਨੂੰ ਵੀ ਦਿੱਤਾ ਜਾਵੇਗਾ ਤਾਂ ਜੋ ਮਤਿਆਂ ‘ਤੇ ਦਸਤਖ਼ਤ ਹੋ ਸਕਣ।
ਰਿਸ਼ਵਤ ਦੇਣ ਤੋਂ ਇਨਕਾਰ ਕਰਦਿਆਂ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਨਾਲ ਸੰਪਰਕ ਕੀਤਾ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਟਰੈਪ ਲਗਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਪੰਚਾਇਤ ਸਕੱਤਰ ਨੂੰ 20,000 ਰੁਪਏ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ।
ਇਸ ਸਬੰਧੀ ਮੁਲਜ਼ਮ ਖਿਲਾਫ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ 1988 (ਸੋਧ 2018) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਵਿਜੀਲੈਂਸ ਬੁਲਾਰੇ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਪੰਚਾਇਤੀ ਵਿਕਾਸ ਕਾਰਜਾਂ ਵਿੱਚ ਰਿਸ਼ਵਤਖੋਰੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਜਾਰੀ ਰਹੇਗੀ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।