Pages

Pages

ਫਗਵਾੜਾ LPU ‘ਚ ਦਰਦਨਾਕ ਹਾਦਸਾ, 8ਵੀਂ ਮੰਜ਼ਿਲ ਤੋਂ ਡਿੱਗਣ ਕਾਰਨ BSc ਦੀ ਵਿਦਿਆਰਥਣ ਦੀ ਮੌਤ।

ਫਗਵਾੜਾ, 10 ਸਤੰਬਰ : Prime Punjab 

ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ‘ਚ ਵੀਰਵਾਰ ਦੁਪਹਿਰ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਯੂਨੀਵਰਸਿਟੀ ਦੇ ਬਲਾਕ ਨੰਬਰ 57 ‘ਚ BSc ਤੀਸਰੇ ਸਾਲ ਦੀ ਵਿਦਿਆਰਥਣ ਦੀ 8ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਤੇਲੰਗਾਨਾ ਦੀ ਰਹਿਣ ਵਾਲੀ ਲਕਸ਼ਮੀ ਵਜੋਂ ਹੋਈ ਹੈ, ਜੋ ਹੋਸਟਲ ‘ਚ ਰਹਿ ਕੇ ਪੜ੍ਹਾਈ ਕਰ ਰਹੀ ਸੀ।

 

ਜਾਣਕਾਰੀ ਮੁਤਾਬਕ ਦੁਪਹਿਰ ਕਰੀਬ 12 ਵਜੇ ਅਚਾਨਕ ਤੇਜ਼ ਆਵਾਜ਼ ਸੁਣ ਕੇ ਵਿਦਿਆਰਥੀ ਅਤੇ ਸੁਰੱਖਿਆ ਮੁਲਾਜ਼ਮ ਮੌਕੇ ‘ਤੇ ਪਹੁੰਚੇ ਤਾਂ ਵਿਦਿਆਰਥਣ ਖੂਨ ਨਾਲ ਲਥਪਥ ਗੰਭੀਰ ਜ਼ਖ਼ਮੀ ਹਾਲਤ ‘ਚ ਪਈ ਸੀ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਰਸਤੇ ‘ਚ ਹੀ ਉਸਨੇ ਦਮ ਤੋੜ ਦਿੱਤਾ।

 

ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਦਿੱਤਾ। ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ, ਜਿਸ ਕਾਰਨ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਹਾਦਸਾ ਸੀ ਜਾਂ ਖੁਦਕੁਸ਼ੀ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।

 

ਪੁਲਿਸ ਨੇ ਵਿਦਿਆਰਥਣ ਦੇ ਦੋਸਤਾਂ, ਸਹਿਪਾਠੀਆਂ ਅਤੇ ਹੋਸਟਲ ਸਾਥੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕੀ ਉਹ ਕਿਸੇ ਪੜ੍ਹਾਈ ਜਾਂ ਨਿੱਜੀ ਪ੍ਰੇਸ਼ਾਨੀ ਕਾਰਨ ਤਣਾਅ ‘ਚ ਸੀ। ਪਰਿਵਾਰ ਨੂੰ ਤੇਲੰਗਾਨਾ ‘ਚ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਪੰਜਾਬ ਪਹੁੰਚਣ ਤੋਂ ਬਾਅਦ ਹੀ ਉਨ੍ਹਾਂ ਦੀ ਮੌਜੂਦਗੀ ‘ਚ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ।