Pages

Pages

ਪੰਜਾਬ ‘ਚ ਨਸ਼ਿਆਂ ਨੂੰ ਲੈ ਕੇ ਸਰਕਾਰ ਫੇਲ੍ਹ – ਕੇਵਲ ਸਿੰਘ ਢਿੱਲੋਂ ਦਾ ਵੱਡਾ ਹਮਲਾ, ਕਿਹਾ- ਜਨ ਅੰਦੋਲਨ ਸ਼ੁਰੂ ਕਰਾਂਗੇ।

ਜਲੰਧਰ, 28 ਸਤੰਬਰ : Prime Punjab 

ਜਲੰਧਰ ਦੇ ਇੱਕ ਨਿੱਜੀ ਹੋਟਲ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ‘ਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਨਸ਼ੇ ਕਾਰਨ ਪੰਜਾਬ ਦੇ ਸੈਂਕੜੇ ਪਰਿਵਾਰ ਤਬਾਹ ਹੋ ਚੁੱਕੇ ਹਨ ਤੇ ਸਰਕਾਰ ਇਸ ‘ਤੇ ਲਗਾਮ ਲਾਉਣ ‘ਚ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਜਨ-ਅੰਦੋਲਨ ਸ਼ੁਰੂ ਕੀਤਾ ਗਿਆ ਹੈ।

ਢਿੱਲੋਂ ਨੇ ਨਸ਼ੇ ਨਾਲ ਬਰਬਾਦ ਪਰਿਵਾਰਾਂ ਦੀਆਂ ਦਰਦਨਾਕ ਉਦਾਹਰਣਾਂ ਦਿੱਤੀਆਂ। ਉਨ੍ਹਾਂ ਗੁਲਜ਼ਾਰ ਸਿੰਘ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇੱਕ ਮਜ਼ਦੂਰ ਨੇ ਸਿਰਫ ਇਹ ਪੁੱਛਿਆ ਸੀ ਕਿ “ਪੰਜਾਬ ‘ਚ ਚਿੱਟਾ ਕਦੋਂ ਬੰਦ ਹੋਵੇਗਾ?” ਤਾਂ ਉਸਨੂੰ ਇੰਨਾ ਤੰਗ-ਪਰੇਸ਼ਾਨ ਕੀਤਾ ਗਿਆ ਕਿ ਉਸਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਇਸੇ ਤਰ੍ਹਾਂ ਜਗਰਾਉਂ ਦੀ ਸਿੰਦਰ ਕੌਰ ਦੇ 6 ਪੁੱਤਾਂ ਦੀ ਨਸ਼ੇ ਕਾਰਨ ਮੌਤ ਹੋ ਗਈ, ਜਦਕਿ ਇੱਕ ਹੋਰ ਔਰਤ ਦੇ ਪਤੀ ਨੂੰ ਸ਼ਰਾਬ ਦੀ ਲਤ ਪੂਰੀ ਕਰਨ ਲਈ ਸ਼ਰਾਬ ਵੇਚਣ ‘ਤੇ ਪੁਲਿਸ ਨੇ ਫੜ ਲਿਆ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਮੋਹਨੀਤ ਵਰਗੇ ਲੋਕਾਂ ਦੀ ਗੱਲ ਸੁਣ ਲੈਂਦੇ ਤਾਂ ਸਥਿਤੀ ਵੱਖਰੀ ਹੁੰਦੀ।

ਨਸ਼ੇ ਦੇ ਨਾਲ-ਨਾਲ ਢਿੱਲੋਂ ਨੇ ਪੰਜਾਬ ਦੀ ਡਿੱਗ ਰਹੀ ਇੰਡਸਟਰੀ ‘ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਕਦੇ ਸਾਈਕਲ ਇੰਡਸਟਰੀ ਲਈ ਮਸ਼ਹੂਰ ਪੰਜਾਬ ਤੋਂ ਅੱਜ ਕਾਰੋਬਾਰ ਦੂਜੇ ਰਾਜਾਂ ਵੱਲ ਭੱਜ ਰਹੇ ਹਨ। ਜਿਸ ਯੂ.ਪੀ.-ਬਿਹਾਰ ਨਾਲ ਪੰਜਾਬ ਦੀ ਤੁਲਨਾ ਹੁੰਦੀ ਸੀ, ਅੱਜ ਉਹ ਕਹਿ ਰਹੇ ਹਨ ਕਿ ਸਾਡਾ ਹਾਲ ਪੰਜਾਬ ਵਰਗਾ ਨਾ ਹੋਵੇ। ਉਨ੍ਹਾਂ ਨੀਤੀ ਆਯੋਗ ਦੀ ਤਾਜ਼ਾ ਰੈਂਕਿੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਲਗਾਤਾਰ ਪਛੜ ਰਿਹਾ ਹੈ।

ਅੰਤ ‘ਚ ਢਿੱਲੋਂ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਨਸ਼ਾ ਪੀੜਤ ਪਰਿਵਾਰਾਂ ਦਾ ਦਰਦ ਮੁੱਖ ਤੌਰ ‘ਤੇ ਦਿਖਾਇਆ ਜਾਵੇ ਤਾਂ ਜੋ ਸਰਕਾਰ ਜਾਗੇ। ਉਨ੍ਹਾਂ ਸਾਫ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ, ਸਗੋਂ ਲੋਕਾਂ ਦਾ ਦਰਦ ਸਾਂਝਾ ਕਰਕੇ ਸਰਕਾਰ ਨੂੰ ਜਗਾਉਣਾ ਹੈ।