Pages

Pages

ਪੰਜਾਬ ਦੀ ਆਮਦਨ ‘ਚ ਰਿਕਾਰਡ ਤੇਜ਼ੀ: GST ‘ਚ 22.11% ਤੇ VAT ‘ਚ 28.70% ਦਾ ਵਾਧਾ, ਦੇਸ਼ ‘ਚ ਸਭ ਤੋਂ ਅੱਗੇ ਪੰਜਾਬ।

ਪੰਜਾਬ, 01 ਸਤੰਬਰ : Prime Punjab 

ਪੰਜਾਬ ਸਰਕਾਰ ਲਈ ਮਾਣ ਵਾਲੀ ਖ਼ਬਰ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਤੰਬਰ 2026 ਦੌਰਾਨ ਪੰਜਾਬ ਦੀ ਸ਼ੁੱਧ GST ਪ੍ਰਾਪਤੀ ‘ਚ 22.11% ਦਾ ਵੱਡਾ ਵਾਧਾ ਦਰਜ ਹੋਇਆ ਹੈ। ਸੂਬੇ ਦੀ GST ਆਮਦਨ ਸਤੰਬਰ 2025 ‘ਚ 1,973.12 ਕਰੋੜ ਰੁਪਏ ਤੋਂ ਵੱਧ ਕੇ ਸਤੰਬਰ 2026 ‘ਚ 2,409.47 ਕਰੋੜ ਰੁਪਏ ਹੋ ਗਈ ਹੈ, ਯਾਨੀ 436.35 ਕਰੋੜ ਰੁਪਏ ਦਾ ਸਿੱਧਾ ਵਾਧਾ। ਚੀਮਾ ਨੇ ਕਿਹਾ ਕਿ ਇਹ ਪੰਜਾਬ ਦੀ ਮਜ਼ਬੂਤ ਆਰਥਿਕਤਾ ਦਾ ਸਬੂਤ ਹੈ।

 

ਸਿਰਫ ਸ਼ੁੱਧ GST ਹੀ ਨਹੀਂ, ਬਾਕੀ ਅੰਕੜੇ ਵੀ ਸ਼ਾਨਦਾਰ ਹਨ। ਕੁੱਲ GST ਕਲੈਕਸ਼ਨ ਸਤੰਬਰ ਤੱਕ 15,405.12 ਕਰੋੜ ਰਿਹਾ ਜੋ ਪਿਛਲੇ ਸਾਲ 13,112.27 ਕਰੋੜ ਸੀ, ਯਾਨੀ 17.39% ਦਾ ਵਾਧਾ। ਸਭ ਤੋਂ ਵੱਡੀ ਗੱਲ, SGST ਨਕਦ ਸੰਗ੍ਰਹਿ ‘ਚ ਪੰਜਾਬ ਦਾ 19% ਵਾਧਾ ਦੇਸ਼ ‘ਚ ਸਭ ਤੋਂ ਵੱਧ ਹੈ, ਜਦਕਿ ਕੌਮੀ ਔਸਤ ਸਿਰਫ 8% ਹੈ। ਇਸ ਤੋਂ ਇਲਾਵਾ VAT ਅਤੇ CST ‘ਚ ਵੀ 28.70% ਦਾ ਬੰਪਰ ਵਾਧਾ ਹੋਇਆ ਹੈ, ਜੋ 577.11 ਕਰੋੜ ਤੋਂ ਵੱਧ ਕੇ 742.75 ਕਰੋੜ ਹੋ ਗਿਆ ਹੈ।

 

ਜੇ ਪੰਜਾਬ ਦੀ ਤੁਲਨਾ ਪੂਰੇ ਭਾਰਤ ਨਾਲ ਕਰੀਏ ਤਾਂ ਪੰਜਾਬ ਕਿਤੇ ਅੱਗੇ ਹੈ। ਸਤੰਬਰ 2026 ‘ਚ ਭਾਰਤ ਦੀ GST ਵਾਧਾ ਦਰ 14% ਸੀ ਜਦਕਿ ਪੰਜਾਬ ਦੀ 16% ਰਹੀ। ਵਿੱਤ ਮੰਤਰੀ ਨੇ ਦੱਸਿਆ ਕਿ ਇਹ ਵਾਧਾ ਸਿਰਫ ਟੈਕਸ ਵਸੂਲੀ ਨਾਲ ਨਹੀਂ, ਸਗੋਂ ਸਖ਼ਤ ਇਨਫੋਰਸਮੈਂਟ ਨਾਲ ਵੀ ਹੋਇਆ ਹੈ। ਵਿਭਾਗ ਨੇ ਸਤੰਬਰ ‘ਚ ਹੀ ਲਗਭਗ 142 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਹਨ।

 

ਸਖ਼ਤ ਕਾਰਵਾਈਆਂ ਦਾ ਵੇਰਵਾ ਦਿੰਦਿਆਂ ਚੀਮਾ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੀ ਕੰਪਨੀ ਮੈਸਰਜ਼ ਜਗਤ ਮੈਟਲਜ਼ ‘ਤੇ ਛਾਪੇ ਦੌਰਾਨ 22.53 ਕਰੋੜ ਦੀ ITC ਗਲਤ ਵਰਤੋਂ ਫੜੀ ਗਈ, ਜਿਸ ‘ਤੇ ਕੰਪਨੀ ਨੇ ਮੌਕੇ ‘ਤੇ 9.50 ਕਰੋੜ ਨਕਦ ਜਮ੍ਹਾ ਕਰਵਾਏ। ਇਸ ਤੋਂ ਇਲਾਵਾ ਸੂਬਾ ਪੱਧਰੀ ਚੈਕਿੰਗ ‘ਚ ਲੋਹੇ ਦੇ ਸਕ੍ਰੈਪ ਨਾਲ ਭਰੇ 332 ਵਾਹਨ ਫੜੇ ਗਏ ਜਿਨ੍ਹਾਂ ਦੀ ਕੀਮਤ 10 ਕਰੋੜ ਤੋਂ ਵੱਧ ਸੀ ਅਤੇ ਹੁਣ ਤੱਕ 5.07 ਕਰੋੜ ਜੁਰਮਾਨਾ ਵਸੂਲਿਆ ਜਾ ਚੁੱਕਾ ਹੈ, ਇਹ ਰਕਮ ਦੁੱਗਣੀ ਹੋਣ ਦੀ ਉਮੀਦ ਹੈ।