Pages

Pages

ਮਾਨਸਾ ‘ਚ ਨਸ਼ਾ ਵਿਰੋਧੀ ਆਗੂ ਪਰਵਿੰਦਰ ਝੋਟਾ ਕਤਲ ਕਾਂਡ – ਪ੍ਰਸ਼ਾਸਨ ਦਾ ਵੱਡਾ ਐਕਸ਼ਨ, ਮੁਲਜ਼ਮ ਦੇ ਘਰ ਤੇ ਦੁਕਾਨ ‘ਤੇ ਚੱਲਿਆ ਬੁਲਡੋਜ਼ਰ, ਦੋਸ਼ੀ ਰਾਜਸਥਾਨ ਤੋਂ ਕਾਬੂ।

ਮਾਨਸਾ, 14 ਅਕਤੂਬਰ : Prime Punjab 

ਮਾਨਸਾ ਜ਼ਿਲ੍ਹੇ ‘ਚ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ‘ਚ ਆ ਗਿਆ ਹੈ। ਦੋਸ਼ੀ ਮੈਡੀਕਲ ਸਟੋਰ ਸੰਚਾਲਕ ਅਸ਼ਵਨੀ ਕੁਮਾਰ ਦੀਆਂ ਦੋਵੇਂ ਜਾਇਦਾਦਾਂ ਨੂੰ ਪੁਲਿਸ ਨੇ ਨਿਸ਼ਾਨਾ ਬਣਾਇਆ ਹੈ। ਭਾਰੀ ਫੋਰਸ ਦੀ ਮੌਜੂਦਗੀ ‘ਚ ਪਹਿਲਾਂ ਉਸਦੇ ਰਿਹਾਇਸ਼ੀ ਮਕਾਨ ਅਤੇ ਫਿਰ ਮੁੱਖ ਬਾਜ਼ਾਰ ਵਾਲੀ ਦੁਕਾਨ ਨੂੰ ਜ਼ਮੀਨਦੋਜ਼ ਕਰਨ ਦੀ ਕਾਰਵਾਈ ਕੀਤੀ ਗਈ।

 

ਜਿਵੇਂ ਹੀ ਪ੍ਰਸ਼ਾਸਨ ਦੀਆਂ JCB ਮਸ਼ੀਨਾਂ ਮੌਕੇ ‘ਤੇ ਪਹੁੰਚੀਆਂ ਤਾਂ ਉੱਥੇ ਮੌਜੂਦ ਭੀੜ ਦਾ ਗੁੱਸਾ ਵੀ ਫੁੱਟ ਪਿਆ। ਨਾਰਾਜ਼ ਲੋਕਾਂ ਨੇ ਕਥਿਤ ਤੌਰ ‘ਤੇ ਕਾਤਲ ਦੀ ਦੁਕਾਨ ‘ਤੇ ਇੱਟਾਂ-ਪੱਥਰ ਸੁੱਟੇ। ਲੋਕ ਪਿਛਲੇ ਦਿਨ ਤੋਂ ਹੀ ਮੰਗ ਕਰ ਰਹੇ ਸਨ ਕਿ ਦੋਸ਼ੀ ਦੀ ਨਾਜਾਇਜ਼ ਜਾਇਦਾਦ ‘ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਬਿਨਾਂ ਸਮਾਂ ਗੁਆਏ ਇਹ ਕਦਮ ਚੁੱਕਿਆ।

 

ਦੂਜੇ ਪਾਸੇ ਇਸ ਹਾਈ-ਪ੍ਰੋਫਾਈਲ ਮਰਡਰ ਕੇਸ ਦੇ ਮੁੱਖ ਦੋਸ਼ੀ ਨੂੰ ਪੁਲਿਸ ਨੇ ਦਬੋਚ ਲਿਆ ਹੈ। ਸੂਤਰਾਂ ਅਨੁਸਾਰ ਮਾਨਸਾ ਪੁਲਿਸ ਦੀ ਟੀਮ ਨੇ ਅਸ਼ਵਨੀ ਕੁਮਾਰ ਨੂੰ ਗੁਆਂਢੀ ਸੂਬੇ ਰਾਜਸਥਾਨ ‘ਚੋਂ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਪੁਲਿਸ ਨੇ ਅਜੇ ਇਸਦੀ ਪੁਸ਼ਟੀ ਨਹੀਂ ਕੀਤੀ, ਪਰ ਦੱਸਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਪ੍ਰੈਸ ਕਾਨਫਰੰਸ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।

 

ਉਧਰ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮਾਨਸਾ ‘ਚ ਲੋਕਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਨਸਾਫ ਦੀ ਮੰਗ ਨੂੰ ਲੈ ਕੇ ਸ਼ਹਿਰ ‘ਚ ਬੇਮਿਆਦੀ ਧਰਨਾ ਲੱਗਾ ਹੋਇਆ ਹੈ। ਇਸ ਅੰਦੋਲਨ ਨੂੰ ਸਹੀ ਦਿਸ਼ਾ ਦੇਣ ਲਈ ਸਥਾਨਕ ਲੋਕਾਂ ਨੇ ਇੱਕ ਕਮੇਟੀ ਬਣਾਈ ਹੈ ਜੋ ਲਗਾਤਾਰ ਜ਼ਿਲ੍ਹਾ ਅਧਿਕਾਰੀਆਂ ਨਾਲ ਸੰਪਰਕ ‘ਚ ਹੈ।