ਬਠਿੰਡਾ, 22 ਅਕਤੂਬਰ (ਪ੍ਰਾਈਮ ਪੰਜਾਬ ਬਿਊਰੋ)
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਬਠਿੰਡਾ ਜ਼ਿਲ੍ਹੇ ‘ਚ ਵੱਡੀ ਕਾਰਵਾਈ ਕੀਤੀ ਹੈ। ਬਿਊਰੋ ਦੀ ਟੀਮ ਨੇ ਮਾਲ ਹਲਕਾ ਚਾਉਕੇ, ਤਹਿਸੀਲ ਮੌੜ ਦੇ ਪਟਵਾਰੀ ਮਨਿੰਦਰ ਸਿੰਘ ਦੇ ਪ੍ਰਾਈਵੇਟ ਸਹਾਇਕ ਪ੍ਰਿਤਪਾਲ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਪਿੰਡ ਠੀਕਰੀਵਾਲਾ, ਜ਼ਿਲ੍ਹਾ ਬਰਨਾਲਾ ਦੇ ਇੱਕ ਵਿਅਕਤੀ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ 2002 ਵਿੱਚ ਆਪਣੇ ਭੈਣ-ਭਰਾ ਨਾਲ ਪਿੰਡ ਚਾਉਕੇ ‘ਚ ਜ਼ਮੀਨ ਖਰੀਦੀ ਸੀ, ਪਰ ਮਾਲ ਰਿਕਾਰਡ ‘ਚ ਹਾਲੇ ਤੱਕ ਪੁਰਾਣੇ ਮਾਲਕ ਦਾ ਨਾਮ ਹੀ ਚੱਲ ਰਿਹਾ ਸੀ। ਜਦੋਂ ਉਸ ਨੇ ਪਟਵਾਰੀ ਮਨਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਆਪਣੇ ਪ੍ਰਾਈਵੇਟ ਸਹਾਇਕ ਪ੍ਰਿਤਪਾਲ ਸਿੰਘ ਨੂੰ ਮਿਲਣ ਲਈ ਕਿਹਾ ਗਿਆ।
ਦੋਸ਼ ਹੈ ਕਿ ਪ੍ਰਿਤਪਾਲ ਸਿੰਘ ਨੇ ਰਿਕਾਰਡ ਠੀਕ ਕਰਨ ਬਦਲੇ ਪਹਿਲਾਂ 1.5 ਲੱਖ ਰੁਪਏ ਦੀ ਮੰਗ ਕੀਤੀ, ਜੋ ਬਾਅਦ ‘ਚ ਫੋਨ ‘ਤੇ ਪਟਵਾਰੀ ਨਾਲ ਗੱਲ ਕਰਵਾ ਕੇ 1.40 ਲੱਖ ‘ਚ ਤੈਅ ਹੋਈ। ਮੁਲਜ਼ਮ ਨੇ ਮੌਕੇ ‘ਤੇ ਹੀ 2,000 ਰੁਪਏ ਲੈ ਲਏ ਅਤੇ ਬਾਕੀ ਦੀ ਕਿਸ਼ਤ 22 ਅਕਤੂਬਰ ਨੂੰ ਦੇਣ ਲਈ ਕਿਹਾ। ਇਸ ਤੋਂ ਤੰਗ ਆ ਕੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨਾਲ ਰਾਬਤਾ ਕੀਤਾ।
ਵਿਜੀਲੈਂਸ ਨੇ ਯੋਜਨਾ ਬਣਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਪ੍ਰਿਤਪਾਲ ਸਿੰਘ ਨੂੰ ਕਾਬੂ ਕਰ ਲਿਆ। ਥਾਣਾ ਵਿਜੀਲੈਂਸ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪਟਵਾਰੀ ਮਨਿੰਦਰ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰਿਸ਼ਵਤ ਸਬੰਧੀ ਸ਼ਿਕਾਇਤ ਵਿਜੀਲੈਂਸ ਹੈਲਪਲਾਈਨ ‘ਤੇ ਦਰਜ ਕਰਵਾਈ ਜਾਵੇ।


More Stories
ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।
ਜਲੰਧਰ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਕਰਕੇ ਲਾਸ਼ ਸੁੱਟਣ ਦਾ ਲਾਇਆ ਦੋਸ਼।
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।