Pages

Pages

ਪੰਜਾਬ ਵਿਧਾਨ ਸਭਾ ‘ਚ ਵੱਡੀ ਕਾਰਵਾਈ: ਇਤਰਾਜ਼ਯੋਗ ਸ਼ਬਦਾਵਲੀ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਮੁਅੱਤਲ।

ਚੰਡੀਗੜ੍ਹ, 23 ਅਕਤੂਬਰ। : Prime Punjab 

ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਵੱਡੀ ਕਾਰਵਾਈ ਹੋਈ ਹੈ। ਵਿੱਤ ਮੰਤਰੀ *ਹਰਪਾਲ ਸਿੰਘ ਚੀਮਾ* ਵੱਲੋਂ ਪੇਸ਼ ਕੀਤਾ ਮਤਾ ਸਰਬਸੰਮਤੀ ਨਾਲ ਪਾਸ ਕਰਦਿਆਂ ਕਾਂਗਰਸੀ ਵਿਧਾਇਕ *ਸੁਖਪਾਲ ਸਿੰਘ ਖਹਿਰਾ* ਨੂੰ ਬਾਕੀ ਰਹਿੰਦੇ ਇਜਲਾਸ ਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ‘ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ, ਚੇਅਰ ਦੇ ਹੁਕਮਾਂ ਦੀ ਉਲੰਘਣਾ ਤੇ ਸਦਨ ਦੀ ਕਾਰਵਾਈ ‘ਚ ਵਿਘਨ ਪਾਉਣ ਦੇ ਦੋਸ਼ ਲੱਗੇ ਨੇ।

 

ਹਰਪਾਲ ਚੀਮਾ ਨੇ ਕਿਹਾ ਕਿ ਖਹਿਰਾ ਵੱਲੋਂ ਵਰਤੇ ਸ਼ਬਦ ਪੰਜਾਬ ਦੇ ਕਿਰਤੀ ਵਰਗ ਤੇ ਖਾਸ ਕਰਕੇ *ਅਨੁਸੂਚਿਤ ਜਾਤੀ / ਦਲਿਤ ਭਾਈਚਾਰੇ* ਦੇ ਸਵੈਮਾਣ ਨੂੰ ਠੇਸ ਪਹੁੰਚਾਉਣ ਵਾਲੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਜ਼ਦੂਰਾਂ ਨੇ ਸੂਬੇ ਦੀ ਤਰੱਕੀ ‘ਚ ਵੱਡਾ ਯੋਗਦਾਨ ਪਾਇਆ ਹੈ ਤੇ ਉਨ੍ਹਾਂ ਦਾ ਅਪਮਾਨ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਾਤ, ਸਮਾਜਿਕ ਰੁਤਬੇ ਜਾਂ ਆਰਥਿਕ ਪਿਛੋਕੜ ਦੇ ਆਧਾਰ ‘ਤੇ ਕਿਸੇ ਨੂੰ ਨੀਵਾਂ ਦਿਖਾਉਣਾ ਬਰਦਾਸ਼ਤਯੋਗ ਨਹੀਂ।

 

ਚੀਮਾ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਲੋਕਾਂ ਲਈ ਮਿਸਾਲ ਹੁੰਦੇ ਨੇ ਤੇ ਉਨ੍ਹਾਂ ਨੂੰ ਮਜ਼ਦੂਰਾਂ ਤੇ ਹਾਸ਼ੀਏ ‘ਤੇ ਰਹਿ ਰਹੇ ਵਰਗਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਸਦਨ ‘ਚ ਜਾਤੀ ਅਧਾਰਤ ਭੇਦਭਾਵ ਪ੍ਰਤੀ *ਜ਼ੀਰੋ ਟਾਲਰੈਂਸ* ਦੀ ਨੀਤੀ ਅਪਣਾਉਣ ਦੀ ਮੰਗ ਕਰਦਿਆਂ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਰਵੱਈਏ ਦੀ ਨਿੰਦਾ ਕੀਤੀ।

 

ਆਪਣੇ ਭਾਸ਼ਣ ‘ਚ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਯੋਗ ਔਰਤਾਂ ਨੂੰ *1000-1500 ਰੁਪਏ ਮਹੀਨਾਵਾਰ ਵਿੱਤੀ ਸਹਾਇਤਾ* ਦੇਣ ਦੇ ਫੈਸਲੇ ਦੀ ਸ਼ਲਾਘਾ ਵੀ ਕੀਤੀ। ਅੰਤ ‘ਚ ਸਪੀਕਰ ਵੱਲੋਂ ਖਹਿਰਾ ਨੂੰ ਮੁਅੱਤਲ ਕਰਨ ਦੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰਨ ਦਾ ਐਲਾਨ ਕੀਤਾ ਗਿਆ।