Pages

Pages

ਅੰਮ੍ਰਿਤਸਰ ਦਿਹਾਤੀ ਤੇ ਤਰਨ ਤਾਰਨ ‘ਚ ਪੁਲਿਸ ਦਾ ਵੱਡਾ ਐਕਸ਼ਨ, 2 ਦਿਨਾਂ ‘ਚ 300 ਮੁਲਜ਼ਮ ਕਾਬੂ, 16.7 ਕਿੱਲੋ ਹੈਰੋਇਨ ਤੇ 3 ਪਿਸਤੌਲ ਬਰਾਮਦ।

ਅੰਮ੍ਰਿਤਸਰ, 19 ਨਵੰਬਰ : Prime Punjab

ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦਿਹਾਤੀ ਤੇ ਤਰਨ ਤਾਰਨ ‘ਚ 2 ਰੋਜ਼ਾ ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚਲਾਈ। ਮੰਗਲਵਾਰ ਤੇ ਬੁੱਧਵਾਰ ਨੂੰ ਚੱਲੀ ਇਸ ਮੁਹਿੰਮ ਦਾ ਮਕਸਦ ਨਸ਼ਾ ਤਸਕਰੀ ਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਨੂੰ ਤੋੜਨਾ ਸੀ, ਜਿਸ ਦੀ ਨਿਗਰਾਨੀ ਖੁਦ ਸਪੈਸ਼ਲ ਡੀਜੀਪੀ ਪ੍ਰਵੀਨ ਸਿਨਹਾ ਨੇ ਕੀਤੀ।

 

ਇਸ ਮੁਹਿੰਮ ਦੌਰਾਨ ਪੁਲਿਸ ਟੀਮਾਂ ਨੇ 361 ਸ਼ੱਕੀ ਥਾਵਾਂ ‘ਤੇ ਛਾਪੇ ਮਾਰੇ ਤੇ 300 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਮੁਲਜ਼ਮਾਂ ਕੋਲੋਂ 16.7 ਕਿੱਲੋ ਹੈਰੋਇਨ, 800 ਗ੍ਰਾਮ ਅਫੀਮ, 5450 ਰੁਪਏ ਡਰੱਗ ਮਨੀ ਤੇ 3 ਪਿਸਤੌਲ ਬਰਾਮਦ ਕੀਤੇ ਗਏ। ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਸਿਰਫ਼ ਤਸਕਰਾਂ ‘ਤੇ ਨਹੀਂ, ਸਗੋਂ ਉਨ੍ਹਾਂ ਦੇ ਸਪਲਾਇਰਾਂ, ਵਿੱਤੀ ਮਦਦ ਕਰਨ ਵਾਲਿਆਂ ਤੇ ਪਨਾਹ ਦੇਣ ਵਾਲਿਆਂ ‘ਤੇ ਵੀ ਕੀਤੀ ਜਾ ਰਹੀ ਹੈ।

 

ਦੂਜੇ ਪਾਸੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 628ਵੇਂ ਦਿਨ ਵੀ ਵੱਡੀ ਸਫਲਤਾ ਮਿਲੀ। ਸਿਰਫ਼ ਇੱਕ ਦਿਨ ‘ਚ 146 ਨਸ਼ਾ ਤਸਕਰਾਂ ਨੂੰ 30.5 ਕਿੱਲੋ ਹੈਰੋਇਨ, 2 ਕਿੱਲੋ ਅਫੀਮ, 315 ਨਸ਼ੀਲੀਆਂ ਗੋਲੀਆਂ ਤੇ 6700 ਰੁਪਏ ਡਰੱਗ ਮਨੀ ਸਮੇਤ ਫੜਿਆ ਗਿਆ। ਹੁਣ ਤੱਕ ਇਸ ਮੁਹਿੰਮ ‘ਚ ਕੁੱਲ 93,906 ਤਸਕਰ ਗ੍ਰਿਫਤਾਰ ਹੋ ਚੁੱਕੇ ਹਨ, ਜਦਕਿ 16 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ‘ਚ ਇਲਾਜ ਲਈ ਭੇਜਿਆ ਗਿਆ।

 

ਇਸ ਦੇ ਨਾਲ ਹੀ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 303ਵੇਂ ਦਿਨ ਪੁਲਿਸ ਨੇ 6 ਹਥਿਆਰਾਂ ਸਮੇਤ 265 ਵਿਅਕਤੀਆਂ ਨੂੰ ਕਾਬੂ ਕੀਤਾ ਤੇ 4 ਭਗੌੜੇ ਅਪਰਾਧੀ ਵੀ ਫੜੇ। ਇਸ ਮੁਹਿੰਮ ‘ਚ ਹੁਣ ਤੱਕ ਕੁੱਲ ਗ੍ਰਿਫਤਾਰੀਆਂ 85,349 ਹੋ ਗਈਆਂ ਹਨ। ਸਪੈਸ਼ਲ ਡੀਜੀਪੀ ਪ੍ਰਵੀਨ ਸਿਨਹਾ ਨੇ ਸਾਫ਼ ਕੀਤਾ ਕਿ ਇਹ ਵਿਸ਼ੇਸ਼ ਤਲਾਸ਼ੀ ਮੁਹਿੰਮ ਹੁਣ ਬਾਕੀ ਜ਼ਿਲ੍ਹਿਆਂ ‘ਚ ਵੀ ਪੜਾਅਵਾਰ ਚਲਾਈ ਜਾਵੇਗੀ ਤੇ ਹਰ ਜ਼ਿਲ੍ਹੇ ਨੂੰ ਵਾਧੂ ਫੋਰਸ ਦਿੱਤੀ ਜਾਵੇਗੀ।