ਜ਼ਿਲ੍ਹਾ ਮੈਜਿਸਟਰੇਟ ਵਲੋਂ ਪੁਲਿਸ, ਆਰਮੀ, ਸੀ.ਆਰ.ਪੀ.ਐਫ. ਅਤੇ ਬੀ.ਐਸ.ਐਫ.ਆਦਿ ਫੋਰਸਾਂ ਦੀਆਂ ਵਰਦੀਆਂ ਤੇ ਮਿਲਟਰੀ ਰੰਗ ਦੇ ਵਾਹਨਾਂ ਦੀ ਵਰਤੋਂ ਕਰਨ ’ਤੇ ਪਾਬੰਦੀ

ਕੋਈ ਵਿਅਕਤੀ ਸੜਕਾਂ ਤੇ ਜਨਤਕ ਥਾਵਾਂ ’ਤੇ ਨਹੀਂ ਛੱਡੇਗਾ ਪਸ਼ੂ

ਪੈਟਰੋਲ ਪੰਪਾਂ, ਬੈਂਕਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਤੇ ਘੱਟੋ-ਘੱਟ ਸੱਤ ਦਿਨਾਂ ਤੱਕ ਰਹਿਣੀ ਚਾਹੀਦੀ ਰਿਕਾਰਡਿੰਗ

ਜਲੰਧਰ-
ਜ਼ਿਲ੍ਹਾ ਮੈਜਿਸਟਰੇਟ ਵਿਸ਼ੇਸ਼ ਸਾਰੰਗਲ ਵਲੋਂ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਗਏ ਹਨ ਕਿ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਭਾਰਤੀ ਮਿਲਟਰੀ, ਪੁਲਿਸ ਅਧਿਕਾਰੀਆਂ ਨੂੰ ਛੱਡ ਕੇ ਪੁਲਿਸ, ਆਰਮੀ, ਸੀ.ਆਰ.ਪੀ.ਐਫ. ਅਤੇ ਬੀ.ਐਸ.ਐਫ. ਆਦਿ ਫੋਰਸਾਂ ਦੀਆਂ ਵਰਦੀਆਂ ਅਤੇ ਓਲਿਵ ਰੰਗ (ਮਿਲਟਰੀ ਰੰਗ) ਦੇ ਵਹੀਕਲ/ਮੋਟਰ ਸਾਈਕਲ ਦੀ ਵਰਤੋਂ ਨਹੀਂ ਕਰੇਗਾ।

ਜ਼ਿਲ੍ਹਾ ਮੈਜਿਸਟਰੇਟ ਵਲੋਂ ਇਕ ਹੋਰ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਜ਼ਿਲ੍ਹਾ ਜਲੰਧਰ (ਦਿਹਾਤੀ) ਅੰਦਰ ਪੈਂਦੇ ਹਲਕੇ ਵਿੱਚ ਕੋਈ ਵੀ ਵਿਅਕਤੀ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ ਉਤੇ ਅਤੇ ਜਨਤਕ ਥਾਵਾਂ ’ਤੇ ਨਹੀਂ ਛੱਡੇਗਾ।

ਜ਼ਿਲ੍ਹਾ ਮੈਜਿਸਟਰੇਟ ਵਲੋਂ ਇਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਪੈਂਦੇ ਪੈਟਰੋਲ ਪੰਪਾਂ ਅਤੇ ਬੈਂਕਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਅਤੇ ਇਨ੍ਹਾਂ ਕੈਮਰਿਆਂ ਵਿੱਚ ਘੱਟੋ-ਘੱਟ 7 ਦਿਨ ਦੀ ਰਿਕਾਰਡਿੰਗ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਉਪਰੋਕਤ ਇਹ ਸਾਰੇ ਹੁਕਮ 22 ਮਾਰਚ 2024 ਤੱਕ ਲਾਗੂ ਰਹਿਣਗੇ।